ਨਿੱਜੀ ਪੱਤਰ ਪ੍ਰੇਰਕ
ਗੜ੍ਹਸ਼ੰਕਰ, 26 ਜੂਨ
ਭਾਰਤੀ ਸਹਿਕਾਰਤਾ ਮਿਸ਼ਨ ਦੇ ਲੋਕ ਸਭਾ ਹਲਕਾ ਵਿਕਾਸ ਅਧਿਕਾਰੀ ਨਰਿੰਦਰ ਕੁਮਾਰ ਪੰਮਾ ਨੇ ਸਿਵਲ ਹਸਪਤਾਲ ਗੜ੍ਹਸ਼ੰਕਰ ਦੇ ਸਾਈਕਲ ਸਟੈਂਡ ਦੇ ਠੇਕੇਦਾਰ ਅਤੇ ਉਸ ਦੇ ਕਰਿੰਦਿਆਂ ਤੇ ਬਦਸਲੂਕੀ ਦੇ ਇਲਜ਼ਾਮ ਲਾਉਂਦਿਆਂ ਪ੍ਰਸ਼ਾਸਨ ਤੋਂ ਠੇਕੇਦਾਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਨਰਿੰਦਰ ਕੁਮਾਰ ਪੰਮਾ ਵਾਸੀ ਬੋੜਾ ਨੇ ਦੱਸਿਆ ਕਿ ਉਹ ਅਪਣੀ ਪਤਨੀ ਦੇ ਕਰੋਨਾ ਵੈਕਸੀਨ ਲਗਵਾਉਣ ਲਈ ਅਪਣੀ ਕਾਰ ਵਿੱਚ ਸਿਵਲ ਹਸਪਤਾਲ ਗੜ੍ਹਸ਼ੰਕਰ ਵਿੱਚ ਆਇਆ ਤਾਂ ਸਾਈਕਲ ਸਟੈਂਡ ਦੇ ਠੇਕੇਦਾਰ ਅਤੇ ਉਸ ਦੇ ਕਰਿੰਦਿਆਂ ਨੇ ਉਨ੍ਹਾਂ ਦੀ ਕਾਰ ਨੂੰ ਘੇਰ ਕੇ ਜ਼ਬਰਦਸਤੀ ਪਰਚੀ ਕਟਵਾਉਣ ਨੂੰ ਕਿਹਾ ਜਦੋਂ ਉਨ੍ਹਾਂ ਆਪਣਾ ਕਾਰਡ ਵੀ ਦਿਖਾਇਆ ਪਰ ਉਹ ਫਿਰ ਵੀ ਪਰਚੀ ਕੱਟਣ ਦੀ ਜਿੱਦ ’ਤੇ ਅੜੇ ਰਹੇ। ਨਰਿੰਦਰ ਪੰਮਾ ਨੇ ਦੱਸਿਆ ਉਨ੍ਹਾਂ ਇਸ ਸਬੰਧੀ ਐਸ.ਐਮ.ਓ ਗੜ੍ਹਸ਼ੰਕਰ, ਐਸ.ਡੀ.ਐਮ ਗੜ੍ਹਸ਼ੰਕਰ ਤੇ ਜਿਲ੍ਹਾ ਡਿਪਟੀ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਕਰਕੇ ਠੇਕੇਦਾਰ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਸਿਵਲ ਹਸਪਤਾਲ ਦੇ ਸਾਈਕਲ ਸਟੈਂਡ ਦਾ ਠੇਕਾ ਰੱਦ ਕਰਨ ਦੀ ਮੰਗ ਕੀਤੀ ਹੈ। ਸਿਵਲ ਹਸਪਤਾਲ ਗੜ੍ਹਸ਼ੰਕਰ ਦੇ ਐੱਸਐੱਮਓ ਡਾ. ਚਰਨਜੀਤਪਾਲ ਨੇ ਕਿਹਾ ਕਿ ਜਲਦ ਹੀ ਇਸ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ। ਠੇਕੇਦਾਰ ਨੇ ਦੋਸ਼ਾਂ ਨੂੰ ਮੁੱਢੋਂ ਨਕਾਰ ਦਿੱਤਾ।