ਪੱਤਰ ਪ੍ਰੇਰਕ
ਮੁਕੇਰੀਆਂ, 16 ਜੁਲਾਈ
ਕੰਢੀ ਨਹਿਰ ਨੂੰ ਹੇਠਾਂ ਤੋਂ ਪੱਕੀ ਕਰਨ ਦੇ ਵਿਰੋਧ ਵਿੱਚ ਕੰਢੀ ਦੇ ਪਿੰਡ ਮਸਤੀਵਾਲ ’ਚ ਬਾਬਾ ਦੀਪ ਸਿੰਘ ਸੇਵਾ ਦਲ, ਦੋਆਬਾ ਕਿਸਾਨ ਕਮੇਟੀ ਪੰਜਾਬ, ਕਿਸਾਨ ਮਜ਼ਦੂਰ ਯੂਨੀਅਨ ਗੜ੍ਹਦੀਵਾਲਾ ਅਤੇ ਗੰਨਾ ਸੰਘਰਸ਼ ਕਮੇਟੀ ਦਸੂਹਾ ਦੀ ਸਾਝੀ ਅਗਵਾਈ ਵਿੱਚ ਲਗਾਇਆ ਧਰਨਾ 53ਵੇਂ ਦਿਨ ਵੀ ਜਾਰੀ ਰਿਹਾ। ਕਿਸਾਨਾਂ ਨੇ ਸਰਕਾਰ ’ਤੇ ਕੰਢੀ ਨਹਿਰ ਦੇ ਮਸਲੇ ’ਤੇ ਬੇਰੁਖੀ ਅਪਣਾਉਣ ਦੇ ਦੋਸ਼ ਲਗਾਉਂਦਿਆਂ ਸੰਘਰਸ਼ ਤਿੱਖਾ ਕਰਨ ਦੀ ਚਿਤਾਵਨੀ ਦਿੱਤੀ ਹੈ। ਧਰਨਕਾਰੀਆਂ ਨੂੰ ਸੰਬੋਧਨ ਕਰਦਿਆਂ ਬਾਬਾ ਦੀਪ ਸਿੰਘ ਸੇਵਾ ਦਲ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ, ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਪ੍ਰਧਾਨ ਜੰਗਵੀਰ ਸਿੰਘ ਚੋਹਾਨ ਅਤੇ ਕਿਸਾਨ ਮਜ਼ਦੂਰ ਯੂਨੀਅਨ ਗੜ੍ਹਦੀਵਾਲਾ ਦੇ ਪ੍ਰਧਾਨ ਗੁਰਦੀਪ ਸਿੰਘ ਬਰਿਆਣਾ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਮੁਰੰਮਤ ਦੇ ਨਾਂ ’ਤੇ ਨਹਿਰ ਬੰਦ ਰਹਿਣ ਕਰ ਕੇ ਇਲਾਕਾ ਪਾਣੀ ਦੀ ਘਾਟ ਨਾਲ ਜੂਝ ਰਿਹਾ ਹੈ ਤੇ ਬੋਰਾਂ ਤੇ ਨਲਕਿਆਂ ਦੇ ਪਾਣੀ ਦਾ ਪੱਧਰ ਪਹਿਲਾਂ ਹੀ ਡਿੱਗ ਚੁੱਕਾ ਹੈ। ਜੇ ਨਹਿਰ ਦੇ ਬੈੱਡ ਨੂੰ ਵੀ ਪੱਕਾ ਕਰ ਦਿੱਤਾ ਤਾਂ ਆਉਣ ਵਾਲੇ ਸਮੇਂ ’ਚ ਕੰਢੀ ਇਲਾਕੇ ਨੂੰ ਮਾਰੂਥਲ ਬਣਨ ’ਚ ਦੇਰ ਨਹੀਂ ਲੱਗਣੀ।