ਪਾਲ ਸਿੰਘ ਨੌਲੀ
ਜਲੰਧਰ, 23 ਜੁਲਾਈ
ਸੋਢਲ ਰੋਡ ’ਤੇ ਦੁਕਾਨਦਾਰ ਸਚਿਨ ਜੈਨ ਦੇ ਕਤਲ ਕੇਸ ਵਿਚ ਜਲੰਧਰ ਕਮਿਸ਼ਨਰੇਟ ਪੁਲੀਸ ਨੇ ਚਾਰ ਦਿਨਾਂ ਵਿੱਚ ਸਾਰੇ ਪੰਜੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਕਤਲ ਵਿੱਚ ਵਰਤਿਆ ਪਿਸਤੌਲ ਰਮਨ ਕੁਮਾਰ ਉਰਫ਼ ਸਾਈ ਵਲੋਂ ਹਾਲ ਹੀ ਵਿੱਚ ਮੱਧ ਪ੍ਰਦੇਸ਼ ਤੋਂ ਲਿਆਂਦਾ ਗਿਆ ਸੀ। ਇਸ ਸਬੰਧੀ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸਾਰੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਅਪਰੇਸ਼ਨ ਚਲਾਇਆ ਗਿਆ ਸੀ, ਜਿਸ ਦੌਰਾਨ ਵਾਰਦਾਤ ਵਿੱਚ ਵਰਤਿਆ 32 ਬੋਰ ਪਿਸਤੌਲ ਅਤੇ ਦੋ ਕਾਰਤੂਸ ਵੀ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਅਰਸ਼ਦੀਪ ਉਰਫ਼ ਵੱਡਾ ਪ੍ਰੀਤ ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ, ਸਾਹਿਲ ਵਾਸੀ ਰਾਜ ਨਗਰ, ਦਰਸ਼ਨ ਲਾਲ ਉਰਫ਼ ਲੱਕੀ ਵਾਸੀ ਸੰਤ ਨਗਰ ਅਤੇ ਰਮਨ ਕੁਮਾਰ ਉਰਫ਼ ਸਾਈ ਵਾਸੀ ਮਧੂਬਨ ਕਲੋਨੀ ਵਜੋਂ ਹੋਈ ਹੈ ਜਦਕਿ ਪੰਜਵੇਂ ਮੁਲਜ਼ਮ ਦੀਪਕ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਸੀ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਅਰਸ਼ਦੀਪ ਸਿੰਘ ਅਤੇ ਸਾਹਿਲ ਨੂੰ ਲੰਬਾ ਪਿੰਡ ਚੌਕ ਤੋਂ ਜਦਕਿ ਦਰਸ਼ਨ ਅਤੇ ਰਮਨ ਨੂੰ ਪੁਲੀਸ ਟੀਮ ਨੇ ਵੇਰਕਾ ਮਿਲਕ ਪਲਾਂਟ ਤੋਂ ਦਬੋਚਿਆ, ਜਿਨ੍ਹਾਂ ਖ਼ਿਲਾਫ਼ ਪਹਿਲਾਂ ਕਈ ਕੇਸ ਦਰਜ ਹਨ। ਮੁਲਜ਼ਮ ਰਮਨ ਕੁਮਾਰ ਉਰਫ਼ ਸਾਈਂ ਖ਼ਿਲਾਫ਼ ਦੋ ਅਪਰਾਧਿਕ ਮਾਮਲੇ ਪਹਿਲਾਂ ਹੀ ਦਰਜ ਹਨ।
ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਪੁਲੀਸ ਵਲੋਂ ਵਾਰਦਾਤ ਵਿੱਚ ਵਰਤੇ ਗਏ ਮੋਟਰਸਾਈਕਲਾਂ ਤੋਂ ਇਲਾਵਾ ਕੇਸ ਦੀ ਤੈਅ ਤੱਕ ਜਾਣ ਲਈ ਮੁਲਜ਼ਮ ਵੱਡਾ ਪ੍ਰੀਤ ਸਿੰਘ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਨਿਆਂ ਨੂੰ ਜਲਦ ਤੋਂ ਜਲਦ ਯਕੀਨੀ ਬਣਾਉਣ ਲਈ ਮੁਜ਼ਲਮਾਂ ਖ਼ਿਲਾਫ਼ ਚਾਰਜ਼ਸੀਟ ਵੀ ਜਲਦੀ ਦਾਖ਼ਲ ਕੀਤੀ ਜਾਵੇਗੀ।