ਹਤਿੰਦਰ ਮਹਿਤਾ
ਆਦਮਪੁਰ ਦੋਆਬਾ, 6 ਸਤੰਬਰ
ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਆਦਮਪੁਰ ਸਿਵਲ ਏਅਰਪੋਰਟ ਦਾ ਦੌਰਾ ਕਰਦਿਆਂ ਉਥੇ ਨਵੇਂ ਟਰਮੀਨਲ ਦੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਏਅਰਪੋਰਟ ਅਪਰੋਚ ਰੋਡ ਪ੍ਰਾਜੈਕਟ ਦੀ ਪ੍ਰਗਤੀ ਦੀ ਸਮੀਖਿਆ ਕਰਦਿਆਂ ਅਧਿਕਾਰੀਆਂ ਨੂੰ ਇਸ ਕਾਰਜ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਡੀਸੀ ਨੇ ਦੱਸਿਆ ਕਿ ਏਅਰਪੋਰਟ ਵਿੱਚ 83.12 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਟਰਮੀਨਲ ਦੀ ਇਮਾਰਤ ਦੀ ਉਸਾਰੀ ਕੀਤੀ ਜਾ ਰਹੀ ਹੈ, ਜਿਥੇ ਅਤਿ ਆਧੁਨਿਕ ਬੁਨਿਆਦੀ ਢਾਂਚੇ, ਵੀਆਈਪੀ. ਲਾਊਂਜ਼, ਨਵੇਂ ਅਰਾਈਵਲ ਤੇ ਡਿਪਾਰਚਰ ਗੇਟਸ ਸਮੇਤ ਯਾਤਰੀਆਂ ਨੂੰ ਉੱਚ ਦਰਜੇ ਦੀਆਂ ਸਹੂਲਤਾਂ ਪ੍ਰਾਪਤ ਹੋਣਗੀਆਂ। ਉਨ੍ਹਾਂ ਦੱਸਿਆ ਕਿ ਇਸ ਮਹੀਨੇ ਦੇ ਅਖੀਰ ਤੱਕ ਟਰਮੀਨਲ ਦੀ ਇਮਾਰਤ ਮੁਕੰਮਲ ਹੋ ਜਾਵੇਗੀ । ਉਨ੍ਹਾਂ ਟਰਮੀਨਲ ਦੇ ਪਿੱਛੇ ਪਾਰਕਿੰਗ, ਜਿਸ ਦੀ ਕੁਨੈਕਟੀਵਿਟੀ ਰਨ-ਵੇਅ ਨਾਲ ਹੋਵੇਗੀ, ਦਾ ਵੀ ਜਾਇਜ਼ਾ ਲਿਆ। ਏਅਰਪੋਰਟ ਨੂੰ ਜਾਂਦੀ ਸੜਕ ਦੇ ਚੱਲ ਰਹੇ ਕੰਮ ਦੀ ਪ੍ਰਗਤੀ ਦੀ ਸਮੀਖਿਆ ਕਰਦਿਆਂ ਉਨ੍ਹਾਂ ਅਧਿਕਾਰੀਆਂ ਨੂੰ ਇਸ ਕਾਰਜ ਵਿੱਚ ਤੇਜ਼ੀ ਲਿਆਉਣ ਦੀਆਂ ਹਦਾਇਤਾਂ ਦਿੱਤੀਆਂ। ਇਸ ਦੌਰਾਨ ਏਅਰਪੋਰਟ ਦੇ ਅਧਿਕਾਰੀਆਂ ਵੱਲੋਂ ਡਿਪਟੀ ਕਮਿਸ਼ਨਰ ਸਾਹਮਣੇ ਸ਼ਹਿਰ ਵਿੱਚ ਕੀਤੇ ਨਾਜਾਇਜ਼ ਕਬਜ਼ਿਆਂ ਦਾ ਮੁੱਦਾ ਵੀ ਉਠਾਇਆ ਗਿਆ, ਜਿਸ ’ਤੇ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਨਾਜਾਇਜ਼ ਕਬਜ਼ਿਆਂ ਖਿਲਾਫ ਕਾਰਵਾਈ ਅਮਲ ਵਿੱਚ ਲਿਆਉਣ ਦੀਆਂ ਹਦਾਇਤਾਂ ਦਿੱਤੀਆਂ। ਡਿਪਟੀ ਕਮਿਸ਼ਨਰ ਵੱਲੋਂ ਇਸ ਦੌਰਾਨ ਏਅਰਪੋਰਟ ਵਿਖੇ ਫਲਾਈਟਾਂ ਜਲਦ ਸ਼ੁਰੂ ਕਰਨ ਸਬੰਧੀ ਏਅਰਪੋਰਟ ਅਥਾਰਟੀ ਨਾਲ ਵਿਚਾਰ-ਵਟਾਂਦਰਾ ਵੀ ਕੀਤਾ ਗਿਆ। ਇਸ ਮੌਕੇ ਐੱਸਡੀਐੱਮ ਜੈ ਇੰਦਰ ਸਿੰਘ, ਐੱਸਡੀਐੱਮ ਬਲਬੀਰ ਰਾਜ ਸਿੰਘ, ਡਾਇਰੈਕਟਰ ਏਅਰਪੋਰਟ ਕਮਲਜੀਤ ਕੌਰ, ਐਕਸੀਅਨ ਪੀਡਬਲਿਊਡੀ ਬੀਐੱਸ ਤੁਲੀ ਅਤੇ ਏਅਰਪੋਰਟ ਅਥਾਰਟੀ ਦੇ ਅਧਿਕਾਰੀ ਮੌਜੂਦ ਸਨ।