ਗੁਰਦੇਵ ਸਿੰਘ ਗਹੂੰਣ
ਬਲਾਚੌਰ, 26 ਫਰਵਰੀ
ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨ ਖੇਤੀ ਕਾਨੂੰਨਾਂ ਅਤੇ ਪੈਟਰੋਲ-ਡੀਜ਼ਲ ਦੀਆਂ ਆਸਮਾਨ ਛੂੰਹਦੀਆਂ ਕੀਮਤਾਂ ਦੇ ਵਿਰੋਧ ਵਿੱਚ ਕਿਸਾਨ ਮਜ਼ਦੂਰ ਮੋਰਚੇ ਵਲੋਂ ਬਲਾਚੌਰ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ ਅਤੇ ਮੁੱਖ ਚੌਕ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਬਲਾਕ ਸਮਿਤੀ ਬਲਾਚੌਰ ਦੇ ਮੈਂਬਰ ਧਰਮਪਾਲ ਉਧਨੋਵਾਲ ਅਤੇ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਮਾਰਚ ਕੀਤਾ ਗਿਆ। ਇਸ ਮੌਕੇ ਜਸਵਿੰਦਰ ਸਿੰਘ ਨੇ ਕਿਹਾ ਕਿ ਜਦੋਂ ਤੋਂ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹਕੂਮਤ ਵਿੱਚ ਆਈ ਹੈ, ਉਦੋਂ ਤੋਂ ਹੀ ਲੋਕ ਪ੍ਰੇਸ਼ਾਨੀਆਂ ਨਾਲ ਘਿਰੇ ਹੋਏ ਹਨ। ਉਨ੍ਹਾਂ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਨਿੱਤ ਵਧਦੀਆਂ ਕੀਮਤਾਂ ’ਤੇ ਕੇਂਦਰ ਸਰਕਾਰ ਨੇ ਮੋਨ ਧਾਰ ਲਿਆ ਹੈ ਅਤੇ ਕੰਪਨੀਆਂ ਨੂੰ ਲੋਕਾਂ ਨੂੰ ਲੁੱਟਣ ਦੀ ਖੁੱਲ੍ਹੀ ਛੁੱਟੀ ਦੇੇ ਦਿੱਤੀ ਹੈ। ਇਸ ਮੌਕੇ ਸੁਸ਼ੀਲ ਸੋਨੂੰ, ਰਤਨ ਲਾਲ, ਬਖਸ਼ੀਸ਼ ਸਿੰਘ ਅਤੇ ਪੁਰਸ਼ੋਤਮ ਸਿੰਘ ਸ਼ਾਮਲ ਸਨ।
ਤਰਨ ਤਾਰਨ (ਗੁਰਬਖ਼ਸ਼ਪੁਰੀ): ਡੀਜ਼ਲ-ਪੈਟਰੌਲ ਅਤੇ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਖਿਲਾਫ਼ ਅੱਜ ਤਰਨ ਤਾਰਨ-ਅਟਾਰੀ ਸੜਕ ’ਤੇ ਦੋਦੇ ਪਿੰਡ ਨੇੜੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵਲੋਂ ਕੇਂਦਰ ਸਰਕਾਰ ਦੀ ਅਰਥੀ ਸਾੜੀ ਗਈ| ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਗੰਡੀਵਿੰਡ, ਜਗਬੀਰ ਸਿੰਘ ਬੱਬੂ, ਸਵਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੇ ਸਾਰੇ ਮਹੱਤਵਪੂਰਨ ਸੰਸਥਾਨਾਂ ਨੂੰ ਕਾਰਪੋਰੇਟ ਘਰਾਣਿਆਂ ਕੋਲ ਵੇਚ ਰਹੀ ਹੈ। ਇਸ ਮੌਕੇ ਕੇਂਦਰ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਖਿਲਾਫ਼ ਨਾਅਰੇਬਾਜ਼ੀ ਹੋਈ|
ਮੁਕੇਰੀਆਂ (ਜਗਜੀਤ ਸਿੰਘ): ਖੇਤੀ ਕਨੂੰਨਾਂ ਦੇ ਵਿਰੋਧ ਵਿੱਚ ਤੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਸਮਰਥਨ ਵਿੱਚ ਨੇੜਲੇ ਪਿੰਡ ਸੁਧਾਰੀਆਂ ਦੇ ਵਾਸੀਆਂ ਨੇ ਕੁੱਲ ਹਿੰਦ ਕਿਸਾਨ ਸਭਾ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ। ਐਕਸ਼ਨ ਦੀ ਅਗਵਾਈ ਸਰਪੰਚ ਜੋਗਿੰਦਰ ਸਿੰਘ, ਸਾਬਕਾ ਸਰਪੰਚ ਬਾਵਾ ਸਿੰਘ, ਸਤਵਿੰਦਰ ਸਿੰਘ, ਦਲਵੀਰ ਸਿੰਘ, ਬਹਾਦਰ ਸਿੰਘ ਅਤੇ ਕਾਬਲ ਸਿੰਘ ਨੇ ਕੀਤੀ। ਇਸ ਮੌਕੇ ਸਭਾ ਦੇ ਸੂਬਾਈ ਜੁਆਇੰਟ ਸਕੱਤਰ ਆਸ਼ਾ ਨੰਦ, ਵਿਜੇ ਸਿੰਘ ਪੋਤਾ ਨੇ ਕਿਹਾ ਕਿ ਸਰਕਾਰ ਦੀ ਸੋਸ਼ਲ ਮੀਡੀਆ ਖ਼ਿਲਾਫ਼ ਮੁਹਿੰਮ ਤੋਂ ਸਾਬਤ ਹੁੰਦਾ ਹੈ ਕਿ ਉਹ ਸੱਚਾਈ ਨੂੰ ਦਬਾ ਕੇ ਰੱਖਣਾ ਚਾਹੁੰਦੀ ਹੈ ਅਤੇ ਗੋਦੀ ਮੀਡੀਆ ਰਾਹੀਂ ਆਪਣੇ ਲੋਕ ਵਿਰੋਧੀ ਕਦਮਾਂ ਨੂੰ ਵੀ ਵਰਦਾਨ ਬਣਾ ਕੇ ਪੇਸ਼ ਕਰਨ ਲਈ ਤਰਲੋਮੱਛੀ ਹੋ ਰਹੀ ਹੈ।
ਰੇਲਵੇ ਸਟੇਸ਼ਨ ’ਤੇ ਪੱਕੇ ਮੋਰਚੇ ਦੌਰਾਨ ਨੌਜਵਾਨ ਦਿਵਸ ਮਨਾਇਆ
ਗੁਰਦਾਸਪੁਰ (ਜਤਿੰਦਰ ਬੈਂਸ): ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਕਿਸਾਨਾਂ ਵੱਲੋਂ ਸਥਾਨਕ ਰੇਲਵੇ ਸਟੇਸ਼ਨ ਵਿੱਚ ਪੱਕੇ ਮੋਰਚੇ ਵਿੱਚ ਅੱਜ ਨੌਜਵਾਨ ਦਿਵਸ ਮਨਾਇਆ ਗਿਆ। ਇਸ ਦੀ ਪ੍ਰਧਾਨਗੀ ਮਨੀ ਭੱਟੀ, ਸ਼ਿੰਦਰਪਾਲ, ਗੁਰਜੰਟ ਸਿੰਘ, ਦੀਪ ਮੁਸਤਫਾਬਾਦ ਅਤੇ ਮਨਪ੍ਰੀਤ ਸਿੰਘ ਵੱਲੋਂ ਕੀਤੀ ਗਈ। ਨੌਜਵਾਨ ਬੁਲਾਰਿਆਂ ਕਿਹਾ ਕਿ ਇਸ ਵੇਲੇ ਬੇਰੁਜ਼ਗਾਰੀ ਵੱਡਾ ਮਸਲਾ ਹੈ, ਜਿਸ ਨੂੰ ਕਿਸੇ ਵੀ ਸਰਕਾਰ ਨੇ ਹੱਲ ਨਹੀਂ ਕੀਤਾ ਹੈ। ਉਨ੍ਹਾਂ ਨੇ ਬੇਰੁਜ਼ਗਾਰੀ ਨੂੰ ਸਰਕਾਰਾਂ ਦੀਆਂ ਸਰਮਾਏਦਾਰ ਪੱਖੀ ਨੀਤੀਆਂ ਨੂੰ ਜਿੰਮੇਵਾਰ ਠਹਿਰਾਇਆ।
ਕਿਸਾਨ ਸੰਘਰਸ਼ ਦੀ ਲਾਮਬੰਦੀ ਤੇ ਸਮੱਸਿਆਵਾਂ ’ਤੇ ਚਰਚਾ
ਭੁਲੱਥ (ਦਲਰੇ ਸਿੰਘ ਚੀਮਾ): ਅੱਜ ਭਾਕਿਯੂ ਕਾਦੀਆਂ ਦੇ ਵਰਕਰਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾ ਤੇ ਬਲਾਕ ਪ੍ਰਧਾਨ ਪੂਰਨ ਸਿੰਘ ਕੰਗ ਦੀ ਅਗਵਾਈ ਹੇਠ ਗੁਰਦੁਆਰਾ ਸੁੱਖ ਸਾਗਰ ਬੇਰੀਆਂ ਭੁਲੱਥ ਵਿਚ ਹੋਈ ਜਿਸ ਵਿਚ ਕਿਸਾਨੀ ਸੰਘਰਸ਼ ਤੇ ਕਿਸਾਨੀ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ’ਤੇ ਵਿਚਾਰ ਚਰਚਾ ਕੀਤੀ ਗਈ। ਸ੍ਰੀ ਲਿਟਾ ਨੇ ਦੱਸਿਆ ਪਿੰਡਾਂ ਵਿੱਚ ਅਗਲੇ ਦਿਨਾਂ ਵਿਚ ਕਿਸਾਨੀ ਸੰਘਰਸ਼ ਲਈ ਦਿੱਲੀ ਜਾਣ ਲਈ ਨਿਰੰਤਰ ਜਥੇ ਭੇਜਣ, ਧਰਨੇ ਤੇ ਬੈਠੇ ਕਿਸਾਨਾਂ ਦੇ ਪਿੱਛੋਂ ਕੰਮਾਂ ਨੂੰ ਨੇਪਰੇ ਚਾੜ੍ਹਨ ਲਈ ਵਿਉਂਤਬੰਦੀ ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਗੰਨਾ ਉਤਪਾਦਕਾਂ ਦੀ ਮਿੱਲਾਂ ਵੱਲ ਗੰਨੇ ਦੀ ਅਦਾਇਗੀ, 27 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ ਭਗਤ ਰਵਿਦਾਸ ਦਾ ਜਨਮ ਦਿਹਾੜਾ ਸਾਂਝੇ ਤੌਰ ਤੇ ਮਨਾਉਣ, ਕਿਸਾਨਾਂ ਨੂੰ ਬਿਜਲੀ ਅਧਿਕਾਰੀਆਂ ਵਲੋਂ ਪੇਸ਼ ਆ ਰਹੀਆਂ ਦੁਸ਼ਵਾਰੀਆਂ ਬਾਰੇ ਆਦਿ ਮੰਗਾਂ ਹੱਲ ਕਰਨ ਦੀ ਅਪੀਲ ਕੀਤੀ ਗਈ। ਮੰਗ ਕੀਤੀ ਗਈ ਹੈ।
ਮਜ਼ਦੂਰ ਕਿਸਾਨ ਸੰਘਰਸ਼ ਹਮਾਇਤੀ ਕਮੇਟੀ ਦੋਆਬਾ ਦਾ ਗਠਨ
ਬੰਗਾ (ਸੁਰਜੀਤ ਮਜਾਰੀ): ਬੰਗਾ, ਮਾਹਿਲਪੁਰ, ਹੁਸ਼ਿਆਰਪੁਰ, ਆਦਮਪੁਰ, ਮੁਕੰਦਪੁਰ, ਗੁਰਾਇਆਂ, ਫਿਲੌਰ, ਨਕੋਦਰ ਖੇਤਰਾਂ ’ਚ ਮਜ਼ਦੂਰਾਂ, ਕਿਸਾਨਾਂ, ਬਿਜਲੀ ਕਾਮਿਆਂ, ਰੋਡਵੇਜ਼, ਅਧਿਆਪਕਾਂ, ਤਰਕਸ਼ੀਲ, ਰੰਗ ਮੰਚ ਦੀਆਂ ਜੱਥੇਬੰਦੀਆਂ ਦੇ ਨੁਮਾਇੰਦਿਆਂ ਦੀ ਇੱਥੇ ਇਕੱਤਰਤਾ ਹੋਈ। ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਲੰਧਰ ਦੇ ਆਗੂ ਮੋਹਣ ਸਿੰਘ, ਬਲਵੰਤ ਮਲਸੀਆਂ, ਨਿਰਮਲ ਜਹਾਂਗੀਰ, ਕਾਂਤੀ ਮੋਹਨ, ਨੰਦ ਲਾਲ, ਤੀਰਥ ਰਸੂਲਪੁਰੀ, ਅਵਤਾਰ ਲੰਗੇਰੀ, ਰਾਜਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਆਪਣੇ ਵਿਚਾਰ ਰੱਖੇ। ਮੀਟਿੰਗ ’ਚ ਸਾਂਝੇ ਤੌਰ ’ਤੇ ਮਜ਼ਦੂਰ ਕਿਸਾਨ ਸੰਘਰਸ਼ ਹਮਾਇਤੀ ਕਮੇਟੀ ਦੋਆਬਾ ਦਾ ਗਠਨ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਇਸ ਕਮੇਟੀ ਵਲੋਂ ਕਾਲੇ ਖੇਤੀ ਕਾਨੂੰਨ ਰੱਦ ਕਰਾਉਣ, ਜ਼ਮਹੂਰੀ ਹੱਕਾਂ ਦੀ ਰਾਖੀ ਕਰਨ, ਜੇਲ੍ਹੀ ਡੱਕੇ ਨੌਜਵਾਨਾਂ, ਕਿਸਾਨਾਂ, ਮਜ਼ਦੂਰਾਂ ਨੂੰ ਰਿਹਾਅ ਕਰਨ ਦੀ ਮੰਗ ਲਈ ਚੱਲ ਰਹੇ ਹੱਕੀ ਸੰਗਰਾਮ ਦੀ ਡਟਵੀਂ ਹਮਾਇਤ ਕੀਤੀ ਜਾਵੇਗੀ। ਇਸ ਮੌਕੇ ਲੋਕਾਂ ਨੂੰ ਜਾਗਰੂਕ, ਲਾਮਬੰਦ, ਹਮਾਇਤ ਲਈ ਅੱਗੇ ਆਉਣ ਅਤੇ ਸੰਘਰਸ਼ ਲਈ ਤਿਆਰ ਕਰਨ ਵਾਸਤੇ ਮੀਟਿੰਗਾਂ, ਸੈਮੀਨਾਰ, ਦਸਤਾਵੇਜ਼ੀ ਫ਼ਿਲਮ ਸ਼ੋਅ, ਨਾਟਕ ਅਤੇ ਗੀਤ ਸੰਗੀਤ ਦੀਆਂ ਵਿਧੀਆਂ ਰਾਹੀਂ ਵੱਡੇ ਪੱਧਰ ਦੀ ਚੇਤਨਾ ਲਹਿਰ ਕਾਇਮ ਕਰਨ ਦਾ ਫ਼ੈਸਲਾ ਲਿਆ ਗਿਆ।