ਜੇ.ਬੀ.ਸੇਖੋਂ
ਗੜ੍ਹਸ਼ੰਕਰ, 23 ਸਤੰਬਰ
ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਬਿੱਲਾਂ ਖ਼ਿਲਾਫ਼ 25 ਕਿਸਾਨ ਜਥੇਬੰਦੀਆਂ ਅਤੇ ਹਮਖਿਆਲ ਪਾਰਟੀਆਂ ਵੱਲੋਂ 25 ਸਤੰਬਰ ਨੂੰ ਕੀਤੇ ਜਾ ਬੰਦ ਪ੍ਰਤੀ ਅੱਜ ਸੀਪੀਐੱਮ ਦੇ ਆਗੂਆਂ ਕਾਮਰੇਡ ਦਰਸ਼ਨ ਸਿੰਘ ਮੱਟੂ ਅਤੇ ਕਾਮਰੇਡ ਗੁਰਨੇਕ ਸਿੰਘ ਭੱਜਲ ਦੀ ਅਗਵਾਈ ਪਿੰਡਾਂ ਦੇ ਲੋਕਾਂ ਨੂੰ ਲਾਮਬੰਦ ਕੀਤਾ ਗਿਆ ਅਤੇ ਪਾਰਟੀ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਇਸ ਮੌਕੇ ਮਾਹਿਲਪੁਰ, ਸੈਲਾ ਖੁਰਦ, ਟੂਟੋ ਮਜਾਰਾ, ਜੱਸੋਵਾਲ, ਗੋਗੋਂ, ਮਹਿਤਾਬਪੁਰ ਤੇ ਕੁੱਲੇਵਾਲ ਪਿੰਡਾਂ ਵਿੱਚ ਕੀਤੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਮੱਟੂ ਨੇ ਕਿਹਾ ਕਿ ਖੇਤੀ ਬਿੱਲ ਪੰਜਾਬ ਅਤੇ ਹਰਿਆਣਾ ਸਮੇਤ ਦੇਸ਼ ਦੇ ਸਮੂਹ ਕਿਸਾਨਾਂ ਦੀ ਆਰਥਿਕਤਾ ਤਬਾਹ ਕਰਨ ਵਾਲੇ ਕਾਨੂੰਨ ਹਨ। ਇਸੇ ਤਰ੍ਹਾਂ ਜਨਵਾਦੀ ਇਸਤਰੀ ਸਭਾ ਦੇ ਸੂਬਾਈ ਆਗੂ ਬੀਬੀ ਸੁਭਾਸ਼ ਮੱਟੂ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ ਗੜ੍ਹਸ਼ੰਕਰ ਦੇ ਪਿੰਡਾਂ ਭੰਮੀਆਂ, ਬੋੜਾ ਤੇ ਘਾਗੋਂ ਵਿੱਚ 25 ਸਤੰਬਰ ਦੇ ਬੰਦ ਨੂੰ ਸਮਰਥਨ ਦੇਣ ਲਈ ਲੋਕਾਂ ਨੂੰ ਲਾਮਵੰਦ ਕੀਤਾ।
ਕਿਰਤੀ ਕਿਸਾਨ ਯੂਨੀਅਨ ਵੱਲੋਂ ਕਾਨਫਰੰਸ ਫਤਹਿਗੜ੍ਹ ਚੂੜੀਆਂ (ਪੱਤਰ ਪ੍ਰੇਰਕ): ਕਿਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਕਿਸਾਨ ਵਿਰੋਧੀ ਕਨੂੰਨ ਰੱਦ ਕਰਾਉਣ ਲਈ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਵਿਸ਼ਾਲ ਕਾਨਫਰੰਸ ਕੀਤੀ ਗਈ। ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਦਾਤਾਰ ਸਿੰਘ, ਜਿਲਾ ਆਗੂ ਸੁਰਿੰਦਰ ਸਿੰਘ, ਸੂਬਾ ਕਮੇਟੀ ਮੈਂਬਰ ਧਨਵੰਤ ਸਿੰਘ ਖਤਰਾਏ ਕਲਾਂ ਅਤੇ ਦਿਲਬਾਗ ਸਿੰਘ ਨੇ ਕਿਹਾ ਕਿ ਕਿਸਾਨਾਂ ਤੇ ਮਜ਼ਦੂਰਾਂ ਦੇ ਵਿਰੋਧ ਦੇ ਬਾਵਜੂਦ ਮੋਦੀ ਸਰਕਾਰ ਨੇ ਖੇਤੀ ਮੰਡੀ ਪ੍ਰਾਈਵੇਟ ਕਰਨ, ਜ਼ਰੂਰੀ ਵਸਤਾਂ ਸੋਧ ਬਿੱਲ ਅਤੇ ਠੇਕਾ ਆਧਾਰਤ ਖੇਤੀ ਬਿੱਲ ਪਾਸ ਕਰ ਦਿੱਤੇ ਹਨ, ਪਰ ਇਸ ਦੇ ਵਿਰੋਧ ਵਿੱਚ ਤਿੱਖੇ ਸੰਘਰਸ਼ ਹੋਣਗੇ। ਆਗੂਆਂ ਨੇ ਅਪੀਲ ਕੀਤੀ ਕਿ 25 ਸਤੰਬਰ ਨੂੰ ਕਿਸਾਨ ਵਿਰੋਧੀ ਕਨੂੰਨ ਰੱਦ ਕਰਾਉਣ ਲਈ ਪੰਜਾਬ ਬੰਦ ਨੂੰ ਸਫ਼ਲ ਬਣਾਉਣ। ਉਨ੍ਹਾਂ ਕਿਹਾ ਕਿ 29 ਸਤੰਬਰ ਦੀ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ‘ਚ ਹੋ ਰਹੀ ਏਕਤਾ ਕਨਵੈਨਸ਼ਨ ‘ਚ ਪਹੁੰਚ ਕੇ ਏਕਤਾ ਪੱਖੀ ਵਿਚਾਰਾਂ ਦੀ ਹਾਮੀ ਭਰਨੀ ਚਾਹੀਦੀ ਹੈ।
ਕਿਸਾਨ ਜਥੇਬੰਦੀਆਂ ਵੱਲੋਂ ਲੰਗੜੋਆ ਬਾਈਪਾਸ ’ਤੇ ਪੁੱਜਣ ਦਾ ਸੱਦਾ
ਨਵਾਂ ਸ਼ਹਿਰ: ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਦੌਰਾਨ ਫ਼ੈਸਲਾ ਲਿਆ ਗਿਆ ਕਿ 25 ਸਤੰਬਰ ਨੂੰ ਲੰਗੜੋਆ ਬਾਈਪਾਸ ’ਤੇ ਇਕੱਠ ਕਰ ਕੇ ਆਵਾਜਾਈ ਨੂੰ ਰੋਕਿਆ ਜਾਵੇ ਅਤੇ ਬੰਦ ਦੀ ਹਮਾਇਤ ਵਿੱਚ ਸ਼ਮੂਲੀਅਤ ਕੀਤੀ ਜਾਵੇ। ਕਿਰਤੀ ਕਿਸਾਨ ਯੂਨੀਅਨ ਦੇ ਪ੍ਧਾਨ ਸੁਰਿੰਦਰ ਸਿੰਘ ਬੈਂਸ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ 25 ਸਤੰਬਰ ਦੇ ਬੰਦ ਦੇ ਸੱਦੇ ’ਤੇ ਉਹ ਸਵੇਰੇ 9:30 ਵਜੇ ਲੰਗੜੋਆ ਬਾਈਪਾਸ ਤੇ ਬਣੇ ਟੀ-ਪੁਆਇੰਟ ’ਤੇ ਇਕੱਠੇ ਹੋਣ। ਇਸ ਮੌਕੇ ਹਰਮੇਸ਼ ਸਿੰਘ ਢੇਸੀ, ਅਵਤਾਰ ਸਿੰਘ ਕੱਟ, ਕੁਲਵਿੰਦਰ ਸਿੰਘ ਉਸਮਾਨਪੁਰ ਤੇ ਮੋਹਣ ਸਿੰਘ ਟੱਪਰੀਆਂ ਮੌਜੂਦ ਸਨ। -ਪੱਤਰ ਪ੍ਰੇਰਕ
ਮੋਦੀ ਸਰਕਾਰ ’ਤੇ ਦੇਸ਼ ਨੂੰ ਤਬਾਹੀ ਕੰਢੇੇ ਲਿਆਉਣ ਦਾ ਦੋਸ਼
ਬਲਾਚੌਰ (ਗੁਰਦੇਵ ਸਿੰਘ ਗਹੂੰਣ): ਕੇਂਦਰ ਸਰਕਾਰ ਦੇ ਕਿਸਾਨ ਤੇ ਖੇਤੀਬਾੜੀ ਵਿਰੋਧੀ ਬਿੱਲਾਂ ਦੇ ਵਿਰੋਧ ’ਚ ਕੁੱਲ ਹਿੰਦ ਕਿਸਾਨ ਸਭਾ, ਕੁੱਲ ਹਿੰਦ ਮਜ਼ਦੂਰ ਸਭਾ ਅਤੇ ਸੀਟੂ ਵਲੋਂ 25 ਸਤੰਬਰ ਦੇ ਦੇਸ਼ ਵਿਆਪੀ ਅੰਦੋਲਨ ਦੇ ਸੱਦੇ ਨੂੰ ਸਫਲ ਬਣਾਉਣ ਲਈ ਉਕਤ ਜਥੇਬੰਦੀਆਂ ਦੇ ਆਗੂਆਂ ਵੱਲੋਂ ਪਿੰਡ-ਪਿੰਡ ’ਚ ਕੀਤੀਆਂ ਜਾ ਰਹੀਆਂ ਮੀਟਿੰਗਾਂ ਤਹਿਤ ਕੰਗਣਾ ਬੇਟ ਵਿੱਚ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਕਿਰਤੀਆਂ ਦੀ ਵਿਸ਼ੇਸ਼ ਮੀਟਿੰਗ ਹੋਈ। ਇਸ ਮੌਕੇ ਸੀਟੂ ਪੰਜਾਬ ਦੇ ਪ੍ਰਧਾਨ ਕਾਮਰੇਡ ਮਹਾਂ ਸਿੰਘ ਰੌੜੀ ਨੇ ਆਖਿਆ ਕਿ ਮੋਦੀ ਸਰਕਾਰ ਨੇ ਪਿਛਲੇ 6 ਸਾਲਾਂ ਤੋਂ ਦੇਸ਼ ਅੰਦਰ ਲੋਕ ਮਾਰੂ ਨੀਤੀਆਂ ਲਾਗੂ ਕਰ ਕੇ ਦੇਸ਼ ਨੂੰ ਤਬਾਹੀ ਦੇ ਕੰਢੇ ’ਤੇ ਲੈ ਆਉਂਦਾ ਹੈ। ਉਨ੍ਹਾਂ ਦੱਸਿਆ ਕਿ 25 ਸਤੰਬਰ ਨੂੰ ਬਲਾਚੌਰ ਹਾਈਵੇਅ ’ਤੇ ਚੱਕਾ ਜਾਮ ਕੀਤਾ ਜਾਵੇਗਾ। ਕਾਮਰੇਡ ਪ੍ਰੇਮ ਰੱਕੜ ਅਤੇ ਬਲਵੀਰ ਸਿੰਘ ਕੌਲਗੜ੍ਹ ਆਦਿ ਆਗੂਆਂ ਨੇ ਦਿੱਲੀ ਦੰਗਿਆਂ ’ਚ ਕਾਮਰੇਡ ਸੀਤਾ ਰਾਮ ਯੇਚੂਰੀ ਅਤੇ ਹੋਰ ਖੱਬੇ ਪੱਖੀ ਆਗੂਆਂ ’ਤੇ ਦਰਜ ਕੀਤੀ ਝੂਠੀ ਚਾਰਜਸ਼ੀਟ ਨੂੰ ਰੱਦ ਕਰਨ ਦੀ ਮੰਗ ਕੀਤੀ।