ਜੋਗਿੰਦਰ ਕੁੱਲੇਵਾਲ
ਗੜ੍ਹਸ਼ੰਕਰ, 12 ਫਰਵਰੀ
ਤਿੰਨ ਨਵੇਂ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਦਿੱਲੀ ਵਿੱਚ ਚੱਲ ਰਹੇ ਮੋਰਚੇ ’ਤੇ ਜਾਣ ਲਈ ਪਿੰਡ ਚੱਕ ਗੁਰੂ ਦੇ ਕਿਸਾਨਾਂ ਵੱਲੋਂ ਇਕ ਮੀਟਿੰਗ ਕੀਤੀ ਗਈ। ਇਸ ਦੌਰਾਨ ਪਿੰਡ ਦੇ ਸੱਤ-ਸੱਤ ਕਿਸਾਨਾਂ ਦਾ ਜਥਾ ਬਣਾ ਕੇ ਸਿੰਘੂ ਬਾਰਡਰ ’ਤੇ ਲੱਗੇ ਧਰਨੇ ਵਿੱਚ ਸ਼ਾਮਲ ਹੋਣ ਲਈ ਡਿਊਟੀਆਂ ਲਾਈਆਂ ਗਈਆਂ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਨੂੰ ਦੇਖਦੇ ਹੋਏ ਦਿੱਲੀ ਮੋਰਚਾ ਲੰਮਾ ਸਮਾਂ ਚੱਲਣ ਦੇ ਆਸਾਰ ਬਣੇ ਹੋਏ ਹਨ ਜਿਸ ਕਰ ਕੇ ਮੋਰਚੇ ਵਿੱਚ ਪਿੰਡ ਦੀ ਹਾਜ਼ਰੀ ਨੂੰ ਯਕੀਨੀ ਬਣਾਉਣ ਲਈ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ। ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਭਾਜਪਾ ਆਗੂਆਂ ਦਾ ਮੁਕੰਮਲ ਬਾਈਕਾਟ ਕਰਨ ਅਤੇ ਉਨ੍ਹਾਂ ਨੂੰ ਪਿੰਡ ਵਿਚ ਨਾ ਵੜਨ ਸਬੰਧੀ ਵੀ ਸਖਤ ਫ਼ੈਸਲਾ ਲਿਆ ਹੈ।
ਪੱਟੀ (ਬੇਅੰਤ ਸਿੰਘ ਸੰਧੂ): ਪੱਟੀ ਨਗਰ ਕੌਸਲ ਚੋਣਾਂ ਦੇ ਪ੍ਰਚਾਰ ਦੇ ਅਖੀਰਲੇ ਦਿਨ ਸ਼ਹਿਰ ਦੀਆਂ ਤਿੰਨ ਵਾਰਡਾਂ 10, 7 ਤੇ 11 ਅੰਦਰ ਚੋਣ ਲੜ ਰਹੇ ਭਾਜਪਾ ਉਮੀਦਾਵਰਾਂ ਦੇ ਵਿਰੋਧ ਵਿੱਚ ਜਮੂਹਰੀ ਕਿਸਾਨ ਸਭਾ, ਸਤਿਕਾਰ ਕਮੇਟੀ ਤੇ ਕਿਸਾਨ ਸਘੰਰਸ਼ ਕਮੇਟੀ ਵੱਲੋਂ ਵੱਡੀ ਗਿਣਤੀ ਸਮਰਥਕਾਂ ਸਮੇਤ ਪੱਟੀ ਸ਼ਹਿਰ ਅੰਦਰ ਰੋਸ ਮਾਰਚ ਕੀਤਾ ਗਿਆ। ਰੋਸ ਮਾਰਚ ਕਰ ਰਹੇ ਲੋਕਾਂ ਨੇ ਭਾਜਪਾ ਵਿਰੋਧੀ ਨਾਅਰੇ ਲਗਾ ਕੇ ਲੋਕਾਂ ਨੂੰ ਭਾਜਪਾ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ।
ਪਠਾਨਕੋਟ (ਐੱਨ.ਪੀ. ਧਵਨ): ਪੰਜਾਬ ਵਿੱਚ ਹੋ ਰਹੀਆਂ ਨਗਰ ਨਿਗਮ ਤੇ ਕੌਂਸਲ ਚੋਣਾਂ ਦੇ ਮੱਦੇਨਜ਼ਰ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਜਪਾ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਪਠਾਨਕੋਟ ਸ਼ਹਿਰ ਅੰਦਰ ਇੱਕ ਰੋਸ ਮਾਰਚ ਕੱਢਿਆ ਗਿਆ। ਇਸ ਰੋਸ ਮਾਰਚ ਵਿੱਚ ਕਿਸਾਨ ਆਗੂ ਇੱਕ ਖੁੱਲ੍ਹੇ ਵਾਹਨ ਵਿੱਚ ਸਪੀਕਰ ਲਗਾ ਕੇ ਸਵਾਰ ਸਨ ਅਤੇ ਸਪੀਕਰ ਰਾਹੀਂ ਜਗ੍ਹਾ-ਜਗ੍ਹਾ ਲੋਕਾਂ ਨੂੰ ਭਾਜਪਾ ਉਮੀਦਵਾਰਾਂ ਨੂੰ ਵੋਟ ਨਾ ਦੇਣ ਦਾ ਹੋਕਾ ਦੇ ਰਹੇ ਸਨ।
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਕਿਸਾਨ ਜਥੇਬੰਦੀਆਂ ਵੱਲੋਂ ਸਥਾਨਕ ਜੀਓ ਰਿਲਾਇੰਸ ਦਫ਼ਤਰ ਦੇ ਬਾਹਰ ਚੱਲ ਰਿਹਾ ਧਰਨਾ ਅੱਜ 93ਵੇਂ ਦਿਨ ਵੀ ਜਾਰੀ ਰਿਹਾ। ਅੱਜ ਧਰਨਾਕਾਰੀਆਂ ਨੇ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ਼ ਡੀਸੀ ਦਫ਼ਤਰ ਦੇ ਬਾਹਰ ਮੋਦੀ ਸਰਕਾਰ ਦਾ ਪੁਤਲਾ ਫ਼ੂਕ ਕੇ ਪ੍ਰਦਰਸ਼ਨ ਕੀਤਾ। ਧਰਨਾਕਾਰੀਆਂ ਨੇ ਕੇਂਦਰ ਸਰਕਾਰ ਦੇ ਲੋਕ ਵਿਰੋਧੀ ਬਜਟ ਖਿਲਾਫ਼ ਵੀ ਨਾਅਰੇਬਾਜ਼ੀ ਕੀਤੀ। ਇਸੇ ਦੌਰਾਨ ਆਜ਼ਾਦ ਕਿਸਾਨ ਕਮੇਟੀ ਦੋਆਬਾ ਵਲੋਂ ਸਥਾਨਕ ਸੁਤਹਿਰੀ ਰੋਡ ’ਤੇ ਰਿਲਾਇੰਸ ਸ਼ੋਅਰੂਮ ਦੇ ਬਾਹਰ ਦਿੱਤਾ ਜਾ ਰਿਹਾ ਧਰਨਾ ਲਗਾਤਾਰ ਜਾਰੀ ਰਿਹਾ।
ਕਿਸਾਨ ਮਜ਼ਦੂਰ ਅੰਦੋਲਨ ਸਹਿਯੋਗੀ ਕਮੇਟੀ ਮੁਠੱਡਾ ਕਲਾਂ ਵੱਲੋਂ ਕਾਲੇ ਕਾਨੂੰਨਾਂ ਸਬੰਧੀ ਸੈਮੀਨਾਰ
ਫਿਲੌਰ (ਸਰਬਜੀਤ ਗਿੱਲ): ਕਿਸਾਨ ਮਜ਼ਦੂਰ ਅੰਦੋਲਨ ਸਹਿਯੋਗੀ ਕਮੇਟੀ ਮੁਠੱਡਾ ਕਲਾਂ ਵੱਲੋਂ ਖੇਤੀ ਕਾਨੂੰਨ, ਨਵੇਂ ਕਿਰਤ ਕਾਨੂੰਨ, ਬਿਜਲੀ ਸੋਧ ਬਿੱਲਾਂ ਸਬੰਧੀ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਨੂੰ ਸੇਵਾਮੁਕਤ ਆਈਏਐੱਸ ਅਧਿਕਾਰੀ ਐੱਸਆਰ ਲੱਧੜ ਨੇ ਸੰਬੋਧਨ ਕੀਤਾ। ਉਨ੍ਹ ਕਿਹਾ ਕੇ ਕਿਸਾਨ ਅੱਜ ਜਾਤ-ਧਰਮ ਤੋਂ ਉੱਪਰ ਉੱਠ ਕੇ ਸਾਰੇ ਵਰਗਾਂ ਦੇ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਕਰ ਰਿਹਾ ਹੈ। ਪੰਜਾਬ ਲੋਕ ਸੱਭਿਆਚਾਰ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਕਿਹਾ ਕਿ ਸਰਕਾਰ ਦਾ ਮਕਸਦ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਲਾਗੂ ਕਰ ਕੇ ਸਮਾਜ ਦੀ ਰੀੜ੍ਹ ਦੀ ਹੱਡੀ ਤੋੜਨ ਦਾ ਹੈ ਜਿਸ ਨੂੰ ਲੋਕ ਹਰਗਿਜ਼ ਲਾਗੂ ਨਹੀਂ ਹੋਣ ਦੇਣਗੇ। ਇਸ ਮੌਕੇ ਮਜ਼ਦੂਰ ਆਗੂ ਨੌਦੀਪ ਕੌਰ ਗੰਧੜ ਸਮੇਤ ਗ੍ਰਿਫਤਾਰ ਕੀਤੇ ਗਏ ਸਾਰੇ ਲੋਕ ਆਗੂਆਂ ਅਤੇ ਕਿਸਾਨਾਂ ਮਜ਼ਦੂਰਾਂ ਨੂੰ ਬਿਨਾ ਸ਼ਰਤ ਰਿਹਾਅ ਕਰਨ ਦੀ ਮੰਗ ਕੀਤੀ ਗਈ। ਸੈਮੀਨਾਰ ਨੂੰ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਹਰਮੇਸ਼ ਮਾਲੜੀ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਮੋਹਣ ਸਿੰਘ ਬੱਲ, ਨਿਰਮਲ ਸਿੰਘ ਜਹਾਂਗੀਰ ਤੇ ਬਲਵੰਤ ਸਿੰਘ ਮਲਸੀਆਂ ਨੇ ਸੰਬੋਧਨ ਕੀਤਾ। ਮਾਨਵਤਾ ਕਲਾਂ ਮੰਚ ਨਗਰ ਦੀ ਟੀਮ ਨੇ ਡਾਇਰੈਕਟਰ ਜਸਵਿੰਦਰ ਪੱਪੀ ਦੇ ਨਿਰਦੇਸ਼ਨ ਹੇਠ ਕੁਲਵੰਤ ਕੌਰ ਨਗਰ ਦਾ ਲਿਖਿਆ ਨਾਟਕ ‘ਖਾਲੀ ਨੀ ਪਰਤੇਗਾ ਦੁੱਲਾ’ ਵੀ ਪੇਸ਼ ਕੀਤਾ।