ਪੱਤਰ ਪ੍ਰੇਰਕ
ਫਿਲੌਰ, 21 ਜੁਲਾਈ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਵਲੋਂ ਡਾ. ਗੁਰਦਿਆਲ ਸਿੰਘ ਮੁਠੱਡਾ ਦੀ 35ਵੀਂ ਬਰਸੀ ਮਨਾਈ ਗਈ। ਇਸ ਮੌਕੇ ਕੇਂਦਰੀ ਕਮੇਟੀ ਮੈਂਬਰ ਕੁਲਵੰਤ ਸਿੰਘ ਸੰਧੂ ਨੇ ਐਲਾਨ ਕੀਤਾ ਕਿ 14 ਅਗਸਤ ਨੂੰ ਪਿੰਡ ਵਲੀਪੁਰ ਵਿੱਚ ਸਤਲੁਜ ਦਰਿਆ ’ਚ ਪਾਣੀ ਪੈਣ ਤੋਂ ਰੋਕਿਆ ਜਾਵੇਗਾ ਤਾਂ ਜੋ ਲੋਕਾਂ ਨੂੰ ਗੰਦੇ ਪਾਣੀ ਤੋਂ ਹੋ ਰਹੇ ਨੁਕਸਾਨ ਤੋਂ ਨਿਜਾਤ ਦਿਵਾਈ ਜਾ ਸਕੇ। ਜਸਬੀਰ ਸਿੰਘ ਅਤੇ ਜਰਨੈਲ ਫਿਲੌਰ ਦੀ ਪ੍ਰਧਾਨਗੀ ਹੇਠ ਕੀਤੇ ਸਮਾਗਮ ’ਚ ਸੰਧੂ ਨੇ 31 ਜੁਲਾਈ ਨੂੰ ਸੰਯੁਕਤ ਕਿਸਾਨ ਮੋਰਚਾ ਵਲੋਂ ਦਿੱਤੇ ਸੱਦੇ ਨੂੰ ਕਾਮਯਾਬ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਯਾਦਗਾਰ ’ਤੇ ਝੰਡਾ ਲਹਿਰਾਉਣ ਦੀ ਰਸਮ ਵੀ ਅਦਾ ਕੀਤੀ। ਇਸ ਮੌਕੇ ਆਰਐੱਮਪੀਆਈ ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ, ਸੂਬਾ ਕਮੇਟੀ ਮੈਂਬਰ ਪਰਮਜੀਤ ਰੰਧਾਵਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਕੁਲਦੀਪ ਫਿਲੌਰ, ਐਡਵੋਕੇਟ ਅਜੈ ਫਿਲੌਰ, ਹਰਦੇਵ ਸਿੰਘ ਸੰਧੂ, ਸ਼ਿੰਗਾਰਾ ਸਿੰਘ ਦੁਸਾਂਝ, ਮੇਜਰ ਫਿਲੌਰ, ਪਰਮਜੀਤ ਬੋਪਾਰਾਏ, ਅਮ੍ਰਿਤ ਨੰਗਲ ਆਦਿ ਹਾਜ਼ਰ ਸਨ।