ਪਾਲ ਸਿੰਘ ਨੌਲੀ/ਸਿਮਰਤਪਾਲ ਸਿੰਘ ਬੇਦੀ
ਜਲੰਧਰ/ਜਡਿਆਲਾ ਗੁਰੂ, 28 ਦਸੰਬਰ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਦੀ ਅੱਜ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਵਿੱਚ ਉਨ੍ਹਾਂ ਦੀਆਂ ਮੰਗਾਂ ਮੰਨਣ ਉਪਰੰਤ ਕਿਸਾਨਾਂ ਨੇ ਜਲੰਧਰ ਛਾਉਣੀ ਦੇਵੀਦਾਸਪੁਰਾ ਅਤੇ ਟਾਂਡਾ ਵਿੱਚੋਂ ਰੇਲਵੇ ਲਾਈਨਾਂ ਤੋਂ ਧਰਨੇ ਮੁਲਤਵੀ ਕਰਕੇ ਰੇਲਵੇ ਲਾਈਨ ਖਾਲੀ ਕਰ ਦਿੱਤੀ ਹੈ। ਇਸ ਦੇ ਨਾਲ ਹੀ ਰੇਲ ਸੇਵਾ ਸ਼ੁਰੂ ਹੋ ਗਈ ਹੈ।
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਅੱਜ ਕਿਸਾਨ ਆਗੂਆਂ ਨਾਲ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵੱਲੋੰ ਉਨ੍ਹਾਂ ਦੀ ਚੰਡੀਗੜ੍ਹ ਸਥਿੱਤ ਰਿਹਾਇਸ਼ ’ਤੇ ਡੇਢ ਘੰਟਾ ਮੀਟਿੰਗ ਕੀਤੀ ਗਈ, ਜਿਸ ਵਿੱਚ ਮੁੱਖ ਮੰਤਰੀ ਤੋਂ ਇਲਾਵਾ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ, ਮੁੱਖ ਸਕੱਤਰ ਅਤੇ ਹੋਰ ਉੱਚ ਅਧਿਕਾਰੀ ਵੀ ਮੌਜੂਦ ਸਨ।ਕਿਸਾਨ ਆਗੂਆਂ ਦੱਸਿਆ ਉਨ੍ਹਾਂ ਵੱਲੋਂ ਜਥੇਬੰਦੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਸਰਵਣ ਸਿੰਘ ਪੰਧੇਰ, ਸਵਿੰਦਰ ਸਿੰਘ ਚੁਤਾਲਾ, ਸੁਖਵਿੰਦਰ ਸਿੰਘ ਸਭਰਾ, ਜਸਬੀਰ ਸਿੰਘ ਪਿੱਦੀ ਅਤੇ ਗੁਰਲਾਲ ਸਿੰਘ ਮਾਨ ਮੀਟਿੰਗ ਵਿੱਚ ਸ਼ਾਮਲ ਹੋਏ। ਮੀਟਿੰਗ ਵਿੱਚ ਹੋਏ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਕਿਸਾਨ ਆਗੂਆਂ ਨੇ ਦੱਸਿਆ ਗੜ੍ਹੇਮਾਰੀ ਨਾਲ ਮਾਝੇ ਵਿੱਚ ਤਬਾਹ ਹੋਈ ਬਾਸਮਤੀ ਦੀ ਫਸਲ ਦਾ ਮੁਆਵਜ਼ਾ 12 ਹਜ਼ਾਰ ਤੋਂ ਵਧਾ ਕੇ 17 ਹਜ਼ਾਰ ਦਿੱਤਾ ਜਾਵੇਗਾ, ਸ਼ਹੀਦ ਪਰਿਵਾਰਾਂ ਨੂੰ ਨੌਕਰੀ ਤੇ ਮੁਆਵਜ਼ਾ ਇੱਕ ਹਫ਼ਤੇ ਵਿੱਚ ਦੇ ਦਿੱਤਾ ਜਾਵੇਗਾ, ਵੱਖ-ਵੱਖ ਅੰਦੋਲਨਾਂ ਦੇ ਪਹਿਲੇ ਰਹਿੰਦੇ ਸ਼ਹੀਦ ਪਰਿਵਾਰਾਂ ਨੂੰ ਨੌਕਰੀ ਤੇ ਮੁਆਵਜ਼ਾ ਦਿੱਤਾ ਜਾਵੇਗਾ, ਰੇਲਵੇ ਪੁਲੀਸ ਦੇ ਸਾਰੇ ਕੇਸ ਗ੍ਰਹਿ ਮੰਤਰੀ ਨਾਲ ਮੀਟਿੰਗ ਕਰਕੇ ਜਲਦੀ ਰੱਦ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਪੁਲੀਸ ਕੇਸ ਜਿਆਦਾ ਵਾਪਸ ਹੋ ਗਏ ਹਨ ਤੇ ਰਹਿੰਦੇ ਕੇਸ ਵੀ ਜਲਦੀ ਵਾਪਸ ਲਏ ਜਾਣਗੇ।
ਆਗੂਆਂ ਵੱਲੋਂ ਸਮੁੱਚਾ ਕਰਜ਼ਾ ਖਤਮ ਕਰਨ ਦੀ ਮੰਗ ਕੀਤੀ ਗਈ, ਜਿਸ ’ਤੇ ਮੁੱਖ ਮੰਤਰੀ ਵੱਲੋਂ 5 ਏਕੜ ਤੱਕ ਦੇ ਸਾਰੇ ਕਿਸਾਨਾਂ ਦਾ ਕਰਜ਼ਾ ਇਕ ਹਫ਼ਤੇ ਵਿੱਚ ਖਤਮ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਤੇ ਆਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦੇਣ ਦੀ ਸਹਿਮਤੀ ਵੀ ਬਣੀ ਹੈ ਤੇ 65 ਫੀਸਦੀ ਕੁਲੈਕਟਰ ਰੇਟ ਨੂੰ 4 ਕਿਸ਼ਤਾਂ ਵਿੱਚ ਕਿਸਾਨ ਦੇਣਗੇ, ਤਾਰ ਪਾਰਲੀਆਂ ਜ਼ਮੀਨਾਂ ਦੇ ਮੁਆਵਜ਼ੇ ਬਾਰੇ ਗ੍ਰਹਿ ਮੰਤਰੀ ਨਾਲ ਮੀਟਿੰਗ ਕਰਕੇ ਮਸਲੇ ਦਾ ਹੱਲ ਕੀਤਾ ਜਾਵੇਗਾ, 36 ਹਜ਼ਾਰ ਨੌਕਰੀਆਂ ਪੰਜਾਬ ਦੇ ਨੌਜਵਾਨਾਂ ਨੂੰ ਦਿੱਤੀਆਂ ਜਾਣਗੀਆਂ, ਕੇਂਦਰ ਵਾਲੇ ਮਸਲਿਆਂ ’ਤੇ ਡੀਓ ਲੈਟਰ ਕੇਂਦਰ ਨੂੰ ਲਿਖੇ ਜਾਣਗੇ। ਇਸ ਤੋਂ ਇਲਾਵਾ ਨਸ਼ਾਬੰਦੀ, ਬੇਰੁਜ਼ਗਾਰੀ ਦੇ ਖਾਤਮੇ ਸਬੰਧੀ ਵੀ ਵਿਚਾਰ ਚਰਚਾ ਕੀਤੀ ਗਈ।ਆਗੂਆਂ ਨੇ ਕਿਹਾ 4 ਜਨਵਰੀ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਪੰਜਾਬ ਦੇ ਮੁੱਖ ਮੰਤਰੀ ਨਾਲ ਦੁਬਾਰਾ ਮੀਟਿੰਗ ਹੋਵੇਗੀ।
ਇਸ ਦੌਰਾਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਅਤੇ ਜਿਲਾ ਕਪੂਰਥਲਾ ਪ੍ਰਧਾਨ ਸਰਵਣ ਸਿੰਘ ਬਾਉਪੁਰ ਦੀ ਅਗਵਾਈ ਵਿੱਚ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਜਲੰਧਰ ਤੇ ਲੱਗਾ ਧਰਨਾ ਮੁਲਤਵੀ ਕੀਤਾ ਗਿਆ। ਇਸ ਮੌਕੇ ਤੇ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ ਅਤੇ ਸੂਬਾ ਖਜਾਨਚੀ ਗੁਰਲਾਲ ਸਿੰਘ ਪੰਡੋਰੀ ,ਜਿਲਾ ਸਕੱਤਰ ਗੁਰਮੇਲ ਸਿੰਘ ਰੇੜਵਾਂ ,ਜਿਲਾ ਜਲੰਧਰ ਪ੍ਰੈਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ, ਕਪੂਰਥਲਾ ਜਿਲਾ ਸਕੱਤਰ ਸੁੱਖਪ੍ਰੀਤ ਸਿੰਘ ਪੱਸਣ , ਜਗਮੋਹਨਦੀਪ ਸਿੰਘ ਨਡਾਲਾ, ਮਨਜੀਤ ਸਿੰਘ ਖੀਰਾ ਵਾਲੀ, ਜਰਨੈਲ ਸਿੰਘ ਰਾਮੇ, ਰਣਜੋਧ ਸਿੰਘ ਜਾਣੀਆਂ, ਰਣਜੀਤ ਸਿੰਘ ਬੱਲ ਨੋ, ਸਤਨਾਮ ਸਿੰਘ ਰਾਈਵਾਲ,ਮੇਜਰ ਪੱਡਾ, ਜਗਤਾਰ ਸਿੰਘ ਚੱਕਵਡਾਲਾ, ਮਨਦੀਪ ਸਿੰਘ ਬਾਹਮਣੀਆਂ ਅਤੇ ਦੋਵਾਂ ਜ਼ਿਲ੍ਹਿਆਂ ਦੇ ਅਨੇਕਾਂ ਕਿਸਾਨ ਮਜ਼ਦੂਰ ਅਤੇ ਬੀਬੀਆਂ ਹਾਜ਼ਰ ਸਨ।
ਇੱਕ ਕਿਸਾਨ ਜਥੇਬੰਦੀ ਨੇ ਧਰਨਾ ਚੁੱਕਿਆ ਦੂਜੀ ਦਾ ਜਾਰੀ
ਤਰਨ ਤਾਰਨ(ਗੁਰਬਖਸ਼ਪੁਰੀ): ਆਪਣੀਆਂ ਮੰਗਾਂ ਨੂੰ ਲੈ ਕੇ ਇਥੇ ਕਿਸਾਨਾਂ ਦੀਆਂ ਦੋ ਜਥੇਬੰਦੀਆਂ ਵਲੋਂ 20 ਦਸੰਬਰ ਤੋਂ ਸ਼ੁਰੂ ਕੀਤੇ ਧਰਨਿਆਂ ਵਿੱਚੋਂ ਅੱਜ ਸੂਬਾ ਸਰਕਾਰ ਨਾਲ ਕੀਤੀ ਗਲਬਾਤ ਤੋਂ ਸੰਤੁਸ਼ਟ ਹੁੰਦਿਆਂ ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਅੱਜ ਤੋਂ ਧਰਨਾ ਚੁੱਕ ਲਿਆ ਜਦਕਿ ਦੂਸਰੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵਲੋਂ ਆਪਣਾ ਧਰਨਾ ਜਾਰੀ ਰੱਖਿਆ ਹੋਇਆ ਹੈ| ਭਾਰਤੀ ਕਿਸਾਨ ਯੂਨੀਅਨ ਵਲੋਂ ਦਿੱਤੇ ਧਰਨੇ ਵਿੱਚ ਸ਼ਾਮਲ ਕਿਸਾਨਾਂ ਨੂੰ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਗੁਰਬਾਜ ਸਿੰਘ ਸਿZਧਵਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਥੇਬੰਦੀ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਸਮੇਤ ਹੋਰ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਹਨ|