ਭਗਵਾਨ ਦਾਸ ਸੰਦਲ
ਦਸੂਹਾ, 20 ਅਕਤੂਬਰ
ਇਥੋਂ ਦੇ ਪਿੰਡ ਬੁਧੋਬਰਕਤ ਦੀ ਬਿਰਧ ਵਿਧਵਾ ਅਤੇ ਉਸ ਦੇ ਦੋ ਅਪਾਹਜ ਪੁੱਤਰਾਂ ਦੀ ਕਥਿਤ ਤੌਰ ’ਤੇ ਕਬਜ਼ੇ ਹੇਠ ਜ਼ਮੀਨ ਛੁਡਵਾਉਣ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਥਾਣਾ ਦਸੂਹਾ ਅੱਗੇ ਲਾਇਆ ਪੱਕਾ ਧਰਨਾ ਪੁਲੀਸ ਨਾਲ ਸਹਿਮਤੀ ਬਣਨ ਮਗਰੋਂ ਸਮਾਪਤ ਹੋ ਗਿਆ ਹੈ। ਧਰਨੇ ਦੇ ਤੀਜੇ ਦਿਨ ਮਾਮਲੇ ਨੂੰ ਸੁਲਝਾਉਣ ਲਈ ਕਿਸਾਨ ਆਗੂਆਂ ਅਤੇ ਪੁਲੀਸ ਵੱਲੋਂ ਐੱਸਪੀਡੀ ਮਨਪ੍ਰੀਤ ਸਿੰਘ ਢਿੱਲੋਂ ਵਿਚਕਾਰ ਤਿੰਨ ਬੈਠਕਾਂ ਹੋਈਆਂ। ਇਸ ਵਿੱਚ ਇਹ ਸਹਿਮਤੀ ਬਣੀ ਕਿ ਬਿਰਧ ਵਿਧਵਾ ਰਾਜਿੰਦਰ ਕੌਰ ਦੀ ਕਬਜ਼ੇ ਹੇਠ ਜ਼ਮੀਨ ਤੋਂ ਅੱਜ ਹੀ ਝੋਨੇ ਦੀ ਕਟਾਈ ਕਰਵਾ ਕੇ ਪੈਲੀ ਖਾਲੀ ਕਰਵਾ ਲਈ ਜਾਵੇਗੀ ਤੇ ਮਾਤਾ ਨੂੰ ਜ਼ਮੀਨ ਸੌਂਪ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਇਸ ਜ਼ਮੀਨ ਨੂੰ ਰਸਤਾ ਵੀ ਦਿਵਾਉਣ ਦਾ ਭਰੋਸਾ ਦਿੱਤਾ ਗਿਆ। ਧਰਨੇ ਵਾਲੀ ਥਾਂ ’ਤੇ ਡੀਐੱਸਪੀ ਦਸੂਹਾ ਬਲਬੀਰ ਸਿੰਘ ਤੇ ਥਾਣਾ ਮੁਖੀ ਬਿਕਰਮਜੀਤ ਸਿੰਘ ਨੇ ਕਿਸਾਨਾਂ ਦੇ ਇਕੱਠ ਨੂੰ ਪੁਲੀਸ ਤੇ ਕਿਸਾਨਾਂ ਵਿਚਕਾਰ ਬਣੀ ਸਹਿਮਤੀ ਬਾਰੇ ਜਾਣਕਾਰੀ ਦਿੱਤੀ। ਜਥੇਬੰਦੀ ਦੇ ਸੂਬਾ ਆਗੂ ਸਵਿੰਦਰ ਸਿੰਘ ਚੁਤਾਲਾ, ਪਰਮਜੀਤ ਸਿੰਘ ਭੁੱਲਾ, ਕੁਲਦੀਪ ਸਿੰਘ ਬੇਗੋਵਾਲ, ਅਵਤਾਰ ਸਿੰਘ ਅਤੇ ਜਗਦੀਪ ਸਿੰਘ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੁਲੀਸ ਪ੍ਰਸ਼ਾਸਨ ਆਪਣੇ ਵਾਅਦੇ ਤੋਂ ਮੁਨਕਰ ਹੋਇਆ ਤਾਂ ਪੰਜ ਨਵੰਬਰ ਨੂੰ ਥਾਣਾ ਦਸੂਹਾ ਅੱਗੇ ਮੁੱੜ ਪੱਕਾ ਧਰਨਾ ਲਾਇਆ ਜਾਵੇਗਾ।