ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 29 ਸਤੰਬਰ
ਨਵਾਂ ਸ਼ਹਿਰ ਅਤੇ ਰਾਹੋਂ ਦੀਆਂ ਮੰਡੀਆਂ ਵਿੱਚ ਲੇਬਰ ਅਤੇ ਮਾਲ ਦੀ ਢੋਆ-ਢੁਆਈ ਦੇ ਟੈਂਡਰਾਂ ਵਿੱਚ ਬੇ-ਨਿਯਮੀਆਂ ਦੇ ਚੱਲਦਿਆਂ ਨਵਾਂ ਸ਼ਹਿਰ ਵਿਜੀਲੈਂਸ ਦੇ ਅਧਿਕਾਰੀਆਂ ਨੇ ਠੇਕੇਦਾਰ ਤੇਲੂ ਰਾਮ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਨਵਾਂ ਸ਼ਹਿਰ ਦੀ ਅਦਾਲਤ ’ਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਵਿਜੀਲੈਂਸ ਸੂਤਰਾਂ ਅਨੁਸਾਰ 172 ਫੀਸਦ ਦੀ ਉੱਚੀ ਬਿਡ ’ਤੇ ਠੇਕਾ ਹਾਸਲ ਕਰਨਾ ਕਿਸੇ ਦੇ ਵੀ ਗਲੇ ਵਿੱਚੋਂ ਨਹੀਂ ਉੱਤਰ ਰਿਹਾ, ਜਿਸ ਕਾਰਨ ਵਿਜੀਲੈਂਸ ਬਿਓਰੋ ਉਨ੍ਹਾਂ ਆਗੂਆਂ ਤੇ ਅਧਿਕਾਰੀਆਂ ਸਬੰਧੀ ਪਤਾ ਲਗਾਉਣ ਦੀ ਕੋਸ਼ਿਸ਼ ਵਿੱਚ ਹੈ, ਜਿਨ੍ਹਾਂ ਨੇ ਏਨੀ ਉੱਚੀ ਬੋਲੀ ’ਤੇ ਠੇਕਾ ਦਿਲਾਉਣ ਤੇ ਫਿਰ ਗਲਤ ਕਾਗਜ਼ਾਂ ਦੇ ਬਾਵਜੂਦ ਬਿੱਲ ਪਾਸ ਕਰਨ ’ਚ ਉਨ੍ਹਾਂ ਦੀ ਮਦਦ ਕੀਤੀ। ਵਿਜੀਲੈਂਸ ਟੀਮ ਵੱਲੋਂ ਯਸ਼ਪਾਲ ਤੇ ਅਜੈ ਆਦਿ ਵਿਅਕਤੀਆਂ ਦੇ ਘਰਾਂ ’ਚ ਵੀ ਛਾਪੇ ਮਾਰੇ ਜਾ ਰਹੇ ਹਨ ਪਰ ਪਿੰਡ ਵਾਸੀਆਂ ਅਨੁਸਾਰ ਇਨ੍ਹਾਂ ਦੋਹਾਂ ਵਿਅਕਤੀਆਂ ਦੇ ਪਰਿਵਾਰ ਆਪਣੇ ਘਰਾਂ ਤੋਂ ਕਈ ਦਿਨਾਂ ਤੋਂ ਗਾਇਬ ਹਨ। 2020-21 ਦੇ ਟੈਂਡਰ ਭਰਦੇ ਸਮੇਂ ਠੇਕੇਦਾਰ ਤੇਲੂ ਰਾਮ ਤੇ ਠੇਕੇਦਾਰ ਯਸ਼ਪਾਲ, ਸਾਲ 2020-21 ਤੇ 2021-22 ਦੌਰਾਨ ਠੇਕੇਦਾਰ ਅਜੈ ਪਾਲ ਵੱਲੋਂ ਫਸਲ ਦੀ ਢੋਆ-ਢੁਆਈ ਲਈ ਵਾਹਨਾਂ ਸਬੰਧੀ ਪੇਸ਼ ਕੀਤੀਆਂ ਆਨਲਾਈਨ ਲਿਸਟਾਂ ਦੇ ਰਿਕਾਰਡ ਦੀ ਜਾਂਚ ਜ਼ਿਲ੍ਹਾ ਟਰਾਂਸਪੋਰਟ ਅਧਿਕਾਰੀ ਤੋਂ ਕਰਵਾਉਣ ’ਤੇ ਸਕੂਟਰਾਂ, ਮੋਟਰਸਾਈਕਲਾਂ, ਕਾਰਾਂ, ਪਿਕਅੱਪ, ਟਰੈਕਟਰ-ਟਰਾਲੀਆਂ, ਕਲੋਜ ਬਾਡੀ ਟਰੱਕ, ਐਲ.ਪੀ.ਜੀ.ਟੈਂਕਰ ਤੇ ਕੰਬਾਈਨ ਹਾਰਵੈਸਟਰਾਂ ਆਦਿ ਵਾਹਨਾਂ ਦੇ ਨੰਬਰ ਮਿਲੇ, ਜਦੋਂ ਕਿ ਇਨ੍ਹਾਂ ਵਾਹਨਾਂ ’ਤੇ ਫਸਲ ਦੀ ਢੋਆ-ਢੁਆਈ ਕੀਤੀ ਹੀ ਨਹੀਂ ਜਾ ਸਕਦੀ।
ਤੇਲੂ ਰਾਮ ਤੇ ਉਸ ਦੇ ਸਾਥੀਆਂ ਨੇ ਕਿਸ-ਕਿਸ ਨੂੰ ਟੈਂਡਰ ਲੈਣ ਤੇ ਬਿੱਲ ਪਾਸ ਕਰਵਾਉਣ ਲਈ ਰਿਸ਼ਵਤ ਦਿੱਤੀ, ਇਸ ਗੱਲ ਦੀ ਤਾਂ ਸੂਚਨਾ ਵਿਜੀਲੈਂਸ ਕੋਲ ਹੋਣ ਦੀਆਂ ਕਨਸ਼ਸੋਆਂ ਹਨ, ਪਰ ਫਿਲਹਾਲ ਵਿਜੀਲੈਂਸ ਕੋਲ ਇਸ ਸਬੰਧੀ ਸਬੂਤਾਂ ਦੀ ਘਾਟ ਦੱਸੀ ਜਾ ਰਹੀ ਹੈ ਤੇ ਸਬੂਤ ਹੱਥ ਲੱਗਣ ’ਤੇ ਨਵੇਂ ਨਾਂ ਵੀ ਕੇਸ ਵਿੱਚ ਜੋੜੇ ਜਾ ਸਕਦੇ ਹਨ।