ਆਦਮਪੁਰ ਦੋਆਬਾ(ਜਲੰਧਰ) (ਹਤਿੰਦਰ ਮਹਿਤਾ): ਪਨਬਸ ਕੱਚੇ ਮੁਲਾਜ਼ਮ ਤੇ ਪੀਆਰਟੀਸੀ ਵਰਕਰ ਯੂਨੀਅਨ ਨੇ ਅੱਜ ਦੁਪਹਿਰੇ 12.30 ਵਜੇ ਦੇ ਕਰੀਬ ਅਚਾਨਕ ਪੀਏਪੀ ਚੌਕ ਵਿਚ ਜਾਮ ਲਾ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਮੌਕੇ ਜਾਮ ਕਾਰਨ ਖੱਜਲ ਹੋ ਰਹੇ ਲੋਕਾਂ ਨੇ ਇਸ ਜਾਮ ਦਾ ਵਿਰੋਧ ਕੀਤਾ। ਇਸ ਦੌਰਾਨ ਰਾਹਗੀਰ ਧਰਨਾਕਾਰੀਆਂ ਨਾਲ ਬਹਿਸ ਵੀ ਕਰਦੇ ਦੇਖੇ ਗਏ। ਇਸ ਮੌਕੇ ਮੁਲਾਜ਼ਮ ਆਗੂ ਰਣਜੀਤ ਸਿੰਘ ਦੱਸਿਆ ਕਿ ਚੰਡੀਗੜ੍ਹ ਵਿੱਚ ਡਰਾਈਵਰਾਂ ਦੀ ਆਊਟਸੋਰਸ ਭਰਤੀ ਕੀਤੀ ਜਾ ਰਹੀ ਹੈ, ਇਹ ਤੁਰੰਤ ਬੰਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪਨਬਸ ਤੇ ਪੀਆਰਟੀਸੀ ਦੇ ਕੱਚੇ ਮੈਂਬਰਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਗ਼ਲਤ ਢੰਗ ਨਾਲ ਨੌਕਰੀ ਤੋਂ ਕੱਢੇ ਮੁਲਾਜ਼ਮ ਤੁਰੰਤ ਬਹਾਲ ਕੀਤੇ ਜਾਣ ਆਦਿ। ਇਸ ਮੌਕੇ ਲੋਕਾਂ ਨੇ ਜਾਮ ਦਾ ਵਿਰੋਧ ਕੀਤਾ। ਅੰਮ੍ਰਿਤਸਰ ਤੋਂ ਦਿੱਲੀ ਏਅਰਪੋਰਟ ਜਾ ਰਹੇ ਹਰਜੀਤ ਸਿੰਘ ਨੇ ਜਾਮ ਦਾ ਵਿਰੋਧ ਕਰਦਿਆਂ ਕਿਹਾ ਕਿ ਉਸ ਦੀ ਰਾਤ ਦੀ ਉਡਾਣ ਹੈ ਪਰ ਇਸ ਜਾਮ ਕਾਰਨ ਉਸ ਨੂੰ ਦੇਰ ਹੋ ਜਾਣ ਦਾ ਡਰ ਹੈ। ਇਸ ਜਾਮ ਵਿਚ ਫਸੇ ਲੋਕਾਂ ਦਾ ਵਿਰੋਧ ਦੇਖਦੇ ਹੋਏ ਧਰਨਾਕਾਰੀਆਂ ਨੇ ਅੱਧਾ ਘੰਟਾ ਜਾਮ ਖੋਲਿਆ ਪਰ ਬਾਅਦ ਵਿਚ ਮੁੜ ਜਾਮ ਲਗਾ ਦਿੱਤਾ। ਕਰੀਬ ਸਾਢੇ ਚਾਰ ਘੰਟੇ ਦੇ ਧਰਨੇ ਤੋਂ ਬਾਅਦ ਧਰਨਾਕਾਰੀਆਂ ਨੇ ਧਰਨਾ ਸਮਾਪਤ ਕੀਤਾ। ਇਸ ਕਾਰਨ ਕਈ ਕਿਲੋਮੀਟਰ ਤਕ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ। ਦੇਰ ਸ਼ਾਮ ਤੱਕ ਵੀ ਹਾਲਾਤ ਜਾਮ ਵਾਲੇ ਹੀ ਸਨ।