ਪੱਤਰ ਪ੍ਰੇਰਕ
ਆਦਮਪੁਰ ਦੋਆਬਾ(ਜਲੰਧਰ), 9 ਅਗਸਤ
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਜਲੰਧਰ ਵੱਲੋਂ ਜ਼ਿਲ੍ਹਾ ਪ੍ਰਧਾਨ ਕਰਨੈਲ ਫਿਲੌਰ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਦਫਤਰ ਐਲੀਮੈਂਟਰੀ ਜਲੰਧਰ ਵਿਰੁੱਧ ਅਧਿਆਪਕਾਂ ਦੀਆਂ ਮੰਗਾਂ ਨੂੰ ਲੈ ਲੜੀਵਾਰ ਅੱਜ ਧਰਨਾ ਸ਼ੁਰੂ ਕੀਤਾ ਗਿਆ ਸੀ। ਇਸ ਦੇ ਦਬਾਅ ਸਦਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਗੁਰਸ਼ਰਨ ਸਿੰਘ ਵੱਲੋਂ ਰਾਜ ਕੁਮਾਰ ਭੋਗਪੁਰ (ਪਰਮੋਟ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ) ਦੇ ਮੌਕੇ ’ਤੇ ਫਾਰਗੀ ਹੁਕਮਾਂ ਦੀ ਕਾਪੀ ਜਥੇਬੰਦੀ ਨੂੰ ਭੇਟ ਕਰਨ ਤੇ ਬਾਕੀ ਮੰਗਾਂ ਦੀ ਸਹਿਮਤੀ ਬਣਨ ਤੋਂ ਬਾਅਦ ਧਰਨਾ ਸਮਾਪਤ ਕਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਜਥੇਬੰਦੀ ਦੇ ਸਰਪਰਸਤ ਕਰਨੈਲ ਸਿੰਘ ਸੰਧੂ ਤੇ ਜ਼ਿਲ੍ਹਾ ਜਲੰਧਰ ਦੀ ਗੌਰਮਿੰਟ ਟੀਚਰਜ਼ ਯੂਨੀਅਨ ਟੀਮ ਵੱਲੋਂ ਰਾਜ ਕੁਮਾਰ ਸਨੌਰਾ ਨੂੰ ਫਾਰਗੀ ਹੁਕਮਾਂ ਦੀ ਕਾਪੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਇਸ ਮੌਕੇ ਬਾਕੀ ਮੰਗਾਂ ’ਤੇ ਸਹਿਮਤੀ ਬਣ ਗਈ ਹੈ। ਧਰਨੇ ਵਿੱਚ ਪਿੰਡ ਸਨੌਰਾ ਵਾਸੀਆਂ ਤੋਂ ਇਲਾਵਾ ਐਕਟਿੰਗ ਸਕੱਤਰ ਸੁਖਵਿੰਦਰ ਸਿੰਘ ਮੱਕੜ, ਜੁਆਇੰਟ ਸਕੱਤਰ ਕੁਲਦੀਪ ਵਾਲੀਆ,ਵਿੱਤ ਸਕੱਤਰ ਹਰਮਨਜੋਤ ਸਿੰਘ ਆਹਲੂਵਾਲੀਆ, ਜੁਆਇੰਟ ਵਿੱਤ ਸਕੱਤਰ ਨਿਰਮੋਲਕ ਸਿੰਘ ਹੀਰਾ, ਬਲਜੀਤ ਸਿੰਘ ਕੁਲਾਰ, ਗੁਰਿੰਦਰ ਸਿੰਘ ਆਦਮਪੁਰ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।