ਭਗਵਾਨ ਦਾਸ ਸੰਦਲ
ਦਸੂਹਾ, 12 ਮਈ
ਇਥੋ ਦੇ ਨੇੜਲੇ ਕਸਬਾ ਘੋਗਰਾ ਵਿੱਚ ਸਰਕਾਰੀ ਹਾਈ ਸਕੂਲ ਅੱਗੇ ਲੰਬੇ ਸਮੇਂ ਤੋਂ ਲੱਗੀਆਂ ਮੀਟ ਤੇ ਅੰਡਿਆਂ ਦੀਆਂ ਰੇਹੜੀਆਂ ’ਤੇ ਬੇਖੌਫ ਵਿਕ ਰਹੀ ਸ਼ਰਾਬ ਤੋਂ ਪ੍ਰਸ਼ਾਸਨ ਬੇਖ਼ਬਰ ਹੈ। ਜਾਣਕਾਰੀ ਮੁਤਾਬਕ ਸਵੇਰ ਤੋਂ ਹੀ ਸਕੂਲ ਅੱਗੇ ਅਤੇ ਆਲੇ ਦੁਆਲੇ ਮੀਟ ਤੇ ਅੰਡਿਆਂ ਆਦਿ ਦੀਆਂ ਰੇਹੜੀਆਂ ਲੱਗ ਜਾਂਦੀਆਂ ਹਨ ਜਿਥੇ ਗਾਹਕਾਂ ਨੂੰ ਸ਼ਰ੍ਹੇਆਮ ਸ਼ਰਾਬ ਦੀ ਵਿਕਰੀ ਵੀ ਕੀਤੀ ਜਾਂਦੀ ਹੈ । ਸ਼ਾਮ ਵੇਲੇ ਕੁਝ ਲੋਕ ਇਥੋ ਸ਼ਰਾਬ ਖਰੀਦ ਕੇ ਸਕੂਲ ਦੀ ਹਦੂਦ ਅੰਦਰ ਸ਼ਰਾਬ ਪੀਂਦੇ ਹਨ। ਸਵੇਰੇ ਜਦੋਂ ਸਕੂਲ ਖੁੱਲ੍ਹਦਾ ਹੈ ਤਾਂ ਚਾਰਦੀਵਾਰੀ ਅੰਦਰੋ ਖਾਲੀ ਬੋਤਲਾਂ, ਸਿਗਰਟ ਬੀੜੀਆਂ ਅਤੇ ਤੰਬਾਕੂ ਦੇ ਖਾਲੀ ਪੈਕਟ ਮਿਲਦੇ ਹਨ। ਇਸ ਮੌਕੇ ਅੱਠਵੀਂ ਅਤੇ ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ ਸੈਂਟਰ ਵੀ ਬਣਿਆ ਹੋਇਆ ਹੈ ਨੇੜਲੇ ਪਿੰਡਾਂ ਦੇ ਸਕੂਲਾਂ ਤੋਂ ਵੱਡੀ ਗਿਣਤੀ ਵਿਦਿਆਰਥੀ ਪ੍ਰੀਖਿਆ ਦੇਣ ਲਈ ਇੱਥੇ ਆਉਂਦੇ ਹਨ। ਇਸ ਕਾਰਨ ਸਕੂਲ ਦਾ ਅਕਸ ਖ਼ਰਾਬ ਹੁੰਦਾ ਹੈ। ਸਕੂਲ ਦੀ ਮੁੱਖ ਅਧਿਆਪਕਾ ਜਸਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਇਸ ਬਾਰੇ ਪਿੰਡ ਦੀ ਪੰਚਾਇਤ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ। ਇਸ ਦੇ ਨਾਲ ਉਨ੍ਹਾਂ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਵੀ ਇਸ ਸਬੰਧੀ ਸੂਚਿਤ ਕਰ ਦਿੱਤਾ ਹੈ। ਉਧਰ ਘੋਗਰਾ ਦੇ ਸਰਪੰਚ ਨੇ ਕਿਹਾ ਕਿ ਇਹ ਮਾਮਲਾ ਬੀਡੀਪੀਓ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ।