ਪਾਲ ਸਿੰਘ ਨੌਲੀ
ਜਲੰਧਰ, 10 ਅਪਰੈਲ
ਨਵੀਂ ਦਿੱਲੀ ਵਿਚਲੀ ਅਮਰੀਕੀ ਅੰਬੈਸੀ ’ਚ ਅਮਰੀਕੀ ਨਾਗਰਿਕ ਸੇਵਾਵਾਂ ਦੀ ਮੁਖੀ ਕੇਲੀ ਲੈਂਡਰੀ ਨੇ ਡੀਸੀ ਘਨਸ਼ਿਆਮ ਥੋਰੀ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਢੰਗ-ਤਰੀਕਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ, ਜਿਨ੍ਹਾਂ ਰਾਹੀਂ ਦੂਤਾਵਾਸ ਮੁਸ਼ਕਲ ਸਮੇਂ ਅਮਰੀਕੀ ਨਾਗਰਿਕਾਂ ਦੀ ਮਦਦ ਕਰ ਸਕਦਾ ਹੈ। ਉਨ੍ਹਾਂ ਅਮਰੀਕੀ ਦੂਤਾਵਾਸ ਵਿੱਚ ਨਾਗਰਿਕ ਸੇਵਾਵਾਂ ਨਾਲ ਸਬੰਧਤ ਜਾਣਕਾਰੀ ਵੀ ਸਾਂਝੀ ਕੀਤੀ। ਉਨ੍ਹਾਂ ਕਿਸੇ ਕਾਰਨ ਵੱਸ ਪ੍ਰੇਸ਼ਾਨੀ ਵਿੱਚ ਫਸੇ ਅਮਰੀਕੀ ਨਾਗਰਿਕਾਂ ਨੂੰ ਬਿਨਾਂ ਕਿਸੇ ਝਿਜਕ ਦੇ ਸੰਪਰਕ ਕਰਨ ਦੀ ਅਪੀਲ ਕੀਤੀ । ਉਨ੍ਹਾਂ ਕਿਹਾ ਕਿ ਮੁਸ਼ਕਲ ਵਿੱਚ ਕੋਈ ਵੀ ਅਮਰੀਕੀ ਨਾਗਰਿਕ 11-24198000 `ਤੇ ਫੋਨ ਜਾਂ ਈਮੇਲ ਰਾਹੀਂ ਅੰਬੈਸੀ ਨਾਲ ਸੰਪਰਕ ਕਰ ਸਕਦੇ ਹਨ। ਡੀਸੀ ਨੇ ਦੱਸਿਆ ਕਿ ਅਮਰੀਕੀ ਨਾਗਰਿਕ ਸੇਵਾਵਾਂ ਦੇ ਮੁਖੀ ਕੇਲੀ ਲੈਂਡਰੀ ਅਤੇ ਵਿਸ਼ੇਸ਼ ਕੌਂਸਲਰ ਸੇਵਾਵਾਂ ਮਾਹਰ ਸੁਰੇਸ਼ ਕੇ. ਮਦਾਨ ਸਮੇਤ ਅਮਰੀਕੀ ਅਧਿਕਾਰੀਆਂ ਦੇ ਵਫ਼ਦ ਨੇ ਉਨ੍ਹਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਢੰਗ-ਤਰੀਕਿਆਂ ਬਾਰੇ ਚਰਚਾ ਕੀਤੀ, ਜਿਨ੍ਹਾਂ ਰਾਹੀਂ ਪੀੜਤ ਅਮਰੀਕੀ ਨਾਗਰਿਕਾਂ ਦੀ ਤੁਰੰਤ ਮਦਦ ਕੀਤੀ ਜਾ ਸਕਦੀ ਹੈ। ਡੀਸੀ ਨੇ ਅਜਿਹੇ ਵਿਦੇਸ਼ੀ ਨਾਗਰਿਕਾਂ ਦੀ ਸਹਾਇਤਾ ਜਾਂ ਮਦਦ ਕਰਨ ਲਈ ਪ੍ਰਸ਼ਾਸਨ ਦੀ ਵਚਨਬੱਧਤਾ ਦੁਹਰਾਈ, ਜਿਹੜੇ ਕਿਸੇ ਵੀ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਵਿਅਕਤੀ ਸਿੱਧੇ ਤੌਰ `ਤੇ ਅਮਰੀਕੀ ਦੂਤਘਰ ਨਾਲ ਸੰਪਰਕ ਕਰਨ ਤੋਂ ਇਲਾਵਾ ਜਲੰਧਰ ਪ੍ਰਸ਼ਾਸਨ ਨਾਲ ਵੀ ਰਾਬਤਾ ਕਰ ਸਕਦਾ ਹੈ। ਡੀਸੀ ਨੇ ਅੰਬੈਸੀ ਅਧਿਕਾਰੀਆਂ ਨੂੰ ਭਰੋਸਾ ਦਿੱਤਾ ਕਿ ਇਸ ਸਬੰਧ ਵਿੱਚ ਜੇਕਰ ਕੋਈ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਉਂਦਾ ਹੈ ਤਾਂ ਪਹਿਲ ਦੇ ਆਧਾਰ ’ਤੇ ਉਨ੍ਹਾਂ ਦੇ ਨਾਗਰਿਕਾਂ ਦੀ ਸੁਰੱਖਿਆ ਲਈ ਪੂਰਨ ਸਹਿਯੋਗ ਦਿੱਤਾ ਜਾਵੇਗਾ। ਡੀਸੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਮਰੀਕੀ ਅੰਬੈਸੀ ਅਤੇ ਇਸ ਦੇ ਲੋੜਵੰਦ ਨਾਗਰਿਕਾਂ ਵਿਚਕਾਰ ਪੁਲ ਦਾ ਕੰਮ ਕੀਤਾ ਜਾਵੇਗਾ।