ਹਤਿੰਦਰ ਮਹਿਤਾ
ਆਦਮਪੁਰ ਦੋਆਬਾ, 25 ਅਗਸਤ
ਅੰਬੇਡਕਰ ਸੈਨਾ ਜ਼ਿਲ੍ਹਾ ਜਲੰਧਰ ਦੀ ਅਗਵਾਈ ਹੇਠ ਥਾਣਾ ਆਦਮਪੁਰ ਦਾ ਘਿਰਾਓ ਕੀਤਾ ਗਿਆ। ਪ੍ਰਧਾਨ ਬਲਵਿੰਦਰ ਬੁੱਗਾ ਕਰਤਾਰਪੁਰ, ਮੀਤ ਪ੍ਰਧਾਨ ਸ਼ਿਵ ਕੁਮਾਰ ਗੋਗਾ, ਵਾਲਮੀਕਿ ਤੀਰਥ ਅੰਮ੍ਰਿਤਸਰ ਜੋਗਿੰਦਰ ਮਾਨ ਭਗਵਾਨ ਨੇ ਦੋਸ਼ ਲਗਾਇਆ ਕਿ ਪੁਲੀਸ ਵੱਲੋਂ ਪਿੰਡ ਚੋਮੋਂ ਦੇ ਸਾਬਕਾ ਸਰਪੰਚ ਅਤੇ ਮੌਜੂਦਾ ਪੰਚਾਇਤ ਮੈਂਬਰ ਵਿਰੁੱਧ ਕੀਤੀ ਗਈ ਸ਼ਿਕਾਇਤ ’ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ, ਜਿਸ ਦੇ ਰੋਸ ਵਜੋਂ ਥਾਣਾ ਆਦਮਪੁਰ ਦਾ ਘਿਰਾਓ ਕਰ ਆਵਾਜਾਈ ਠੱਪ ਕੀਤੀ ਗਈ ਹੈ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਬੀਤੇ ਦਿਨੀ ਪਿੰਡ ਚੋਮੋਂ ਦੇ ਸਾਬਕਾ ਸਰਪੰਚ ਅਤੇ ਮੌਜੂਦਾ ਪੰਚਾਇਤ ਮੈਂਬਰ ਜਸਪਾਲ ਵਲੋਂ ਇੱਕ ਪਲਾਟ ਦੇ ਅੱਗੇ ਕੰਧ ਕਰਨ ਨੂੰ ਲੈ ਕੇ ਬਲਬੀਰ ਸਿੱਧੂ ਨਾਲ ਹੋਈ ਤੂੰ-ਤੂੰ, ਮੈਂ-ਮੈਂ ’ਚ ਬਾਬਾ ਸਾਹਿਬ ਡਾ. ਅੰਬੇਡਕਰ ਵਿਰੁੱਧ ਅਤੇ ਪਿੰਡ ਦੀਆਂ ਔਰਤਾਂ ਵਿਰੁੱਧ ਗਲਤ ਸ਼ਬਦਾਬਲੀ ਬੋਲੀ ਗਈ ਸੀ। ਇਸ ਦੀ ਸ਼ਿਕਾਇਤ ਥਾਣਾ ਆਦਮਪੁਰ ਵਿਚ ਦਿੱਤੀ ਗਈ ਸੀ ਪਰ ਅਜੇ ਤੱਕ ਪੁਲੀਸ ਵਲੋਂ ਉਸ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਕਰੀਬ 4 ਘੰਟੇ ਬਾਅਦ ਡੀਐੱਸਪੀ ਆਦਮਪੁਰ ਸਰਬਜੀਤ ਸਿੰਘ ਰਾਏ ਵਲੋਂ ਦਿੱਤੇ ਜਾਂਚ ਦੇ ਭਰੋਸੇ ਤੋਂ ਬਾਅਦ ਆਵਾਜਾਈ ਬਹਾਲ ਕੀਤੀ ਗਈ।