ਹਤਿੰਦਰ ਮਹਿਤਾ
ਆਦਮਪੁਰ ਦੋਆਬਾ, 5 ਅਪਰੈਲ
ਪਿਛਲੇ 2 ਸਾਲਾਂ ਤੋਂ ਇਥੋਂ ਦੇ ਸਿਵਲ ਹਵਾਈ ਅੱਡੇ ਤੋਂ ਉਡਾਣਾਂ ਬੰਦ ਹੋਣ ਕਾਰਨ ਦੋਆਬਾ ਖੇਤਰ ਦੇ ਐੱਨ.ਆਰ.ਆਈ, ਵਪਾਰੀ, ਤੇ ਹੋਰ ਲੋਕ ਕੇਂਦਰ ਸਰਕਾਰ ਵੱਲੋਂ ਕੀਤੀ ਜਾ ਆਦਮਪੁਰ ਸਿਵਲ ਹਵਾਈ ਅੱਡੇ ਦੀ ਅਣਦੇਖੀ ਕਾਰਨ ਖਾਸੇ ਨਾਰਾਜ਼ ਹਨ। ਆਦਮਪੁਰ ਸਿਵਲ ਹਵਾਈ ਅੱਡਾ ਜੋ 1 ਮਈ 2018 ਨੂੰ ਸ਼ੁਰੂ ਹੋਇਆ ਸੀ ਅਤੇ ਇਸ ਸਿਵਲ ਹਵਾਈ ਅੱਡੇ ਤੋਂ ਦਿੱਲੀ, ਮੁੰਬਈ ਅਤੇ ਜੈਪੁਰ ਲਈ ਉਡਾਣਾਂ ਚੱਲਦੀਆਂ ਸਨ। ਦਿੱਲੀ-ਆਦਮਪੁਰ ਉਡਾਣ ਤਾਂ ਕਾਫੀ ਸਫਲ ਰਹੀ ਸੀ ਪਰ ਹੁਣ ਪਿਛਲੇ 2 ਸਾਲਾਂ ਤੋਂ ਆਦਮਪੁਰ ਸਿਵਲ ਹਵਾਈ ਅੱਡੇ ਤੋਂ ਕੋਈ ਵੀ ਉਡਾਣ ਨਹੀਂ ਚੱਲ ਰਹੀ ਹੈ ਇਸ ਸਿਵਲ ਹਵਾਈ ਅੱਡੇ ਦੀ ਨਵੀਂ ਇਮਾਰਤ ਜਿਸ ’ਤੇ ਕਿ 100 ਕਰੋੜ ਤੋਂ ਜ਼ਿਆਦਾ ਲਾਗਤ ਆਈ ਹੈ ਬਣ ਕੇ ਲਗਪਗ ਤਿਆਰ ਹੋ ਚੁੱਕੀ ਹੈ ਪਰ ਹੁਣ ਇਹ ਇਮਾਰਤ ਸਫੈਦ ਹਾਥੀ ਦੀ ਤਰ੍ਹਾਂ ਹੈ ਜਿਸ ’ਤੇ ਖਰਚਾ ਤਾਂ ਕੀਤਾ ਜਾ ਰਿਹਾ ਹੈ ਪਰ ਉਡਾਣ ਕੋਈ ਵੀ ਸ਼ੁਰੂ ਨਹੀਂ ਹੋਈ। ਇਸ ਸਿਵਲ ਹਵਾਈ ਅੱਡੇ ਦੀ ਰਾਖੀ ਲਈ 50 ਦੇ ਲਗਪਗ ਪੰਜਾਬ ਪੁਲੀਸ ਅਤੇ ਹੋਰ ਸੁਰੱਖਿਆ ਏਜੰਸੀਆਂ ਦੇ ਮੁਲਾਜ਼ਮ ਤਾਇਨਾਤ ਹਨ।ਇਸ ਤਰ੍ਹਾਂ ਇਹ ਹਵਾਈ ਅੱਡਾ ਇੱਕ ਤਰ੍ਹਾਂ ਚਿੱਟਾ ਹਾਥੀ ਬਣ ਕੇ ਰਹਿ ਗਿਆ ਹੈ।
ਕੇਂਦਰ ਸਰਕਾਰ ਪੰਜਾਬ ਦੇ ਹਵਾਈ ਅੱਡਿਆਂ ਨਾਲ ਕਰ ਰਹੀ ਹੈ ਵਿਤਕਰਾ: ਚੌਧਰੀ ਸੰਤੋਖ
ਜਦੋਂ ਇਸ ਮੁੱਦੇ ਬਾਰੇ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਵਿੱਚ ਖੁੱਲ੍ਹੇ ਚਾਰ ਸਿਵਲ ਹਵਾਈ ਅੱਡਿਆਂ ਨਾਲ ਵਿਤਕਰਾ ਕਰ ਰਹੀ ਹੈ । ਜਦ ਕਿ ਆਦਮਪੁਰ ਸਿਵਲ ਹਵਾਈ ਅੱਡੇ ਦੀ ਇਮਾਰਤ ਲਗਪਗ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਇਸ ਸਿਵਲ ਹਵਾਈ ਅੱਡੇ ਲਈ ਕਾਫੀ ਕੰਮ ਕੀਤਾ ਹੈ। ਸਿਵਲ ਹਵਾਈ ਅੱਡੇ ਨੂੰ ਜਾਣ ਲਈ ਬਣ ਰਹੀਆ ਸੜਕਾਂ, ਪੁੱਲਾਂ ਉੱਤੇ ਲਗਪਗ 40 ਕਰੋੜ ਦਾ ਕੰਮ ਚਲ ਰਿਹਾ ਹੈ। ਉਨਾਂ ਨੇ ਕਿਹਾ ਹੈ ਕਿ ਜਲਦ ਹੀ ਉਹ ਇਸ ਸਬੰਧੀ ਸਬੰਧਤ ਕੇਂਦਰੀ ਮੰਤਰੀ ਨਾਲ ਮੁਲਾਕਾਤ ਕਰਕੇ ਆਦਮਪੁਰ ਸਿਵਲ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਕਰਵਾਉਣ ਦੀ ਕੋਸ਼ਿਸ਼ ਕਰਨਗੇ।