ਨਿੱਜੀ ਪੱਤਰ ਪ੍ਰੇਰਕ
ਜਲੰਧਰ, 3 ਜੁਲਾਈ
ਇੱਥੋਂ ਦੇ ਸਿਵਲ ਹਸਪਤਾਲ ’ਚ ਐਤਵਾਰ ਨੂੰ ਇਕ ਮੁਲਜ਼ਮ ਪੁਲੀਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਮੁਲਜ਼ਮ ਨੂੰ ਗੁਰਾਇਆ ਥਾਣੇ ਦੀ ਪੁਲੀਸ ਵੱਲੋਂ ਇਲਾਜ ਲਈ ਜਲੰਧਰ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਜਦੋਂ ਮੁਲਜ਼ਮ ਨੇ ਪਖਾਨਾ ਜਾਣ ਦਾ ਬਹਾਨਾ ਬਣਾਇਆ ਤਾਂ ਪੁਲੀਸ ਟੀਮ ਨੇ ਉਸ ਦੀ ਹੱਥਕੜੀ ਖੋਲ੍ਹ ਦਿੱਤੀ। ਮੁਲਜ਼ਮ ਪਖਾਨੇ ਵਿੱਚੋਂ ਕਿਸੇ ਤਰ੍ਹਾਂ ਫਰਾਰ ਹੋ ਗਿਆ। ਮੁਲਜ਼ਮ ਦੇ ਫਰਾਰ ਹੋਣ ਨਾਲ ਪੁਲੀਸ ਨੂੰ ਹੱਥਾਂ ਪੈਰਾਂ ਦੀ ਪੈ ਗਈ।
ਥਾਣਾ ਗੁਰਾਇਆ ਤੋਂ ਏਐਸਆਈ ਹਰਭਜਨ ਸਿੰਘ ਨੇ ਦੱਸਿਆ ਕਿ ਚੋਰੀ ਦੇ ਮਾਮਲੇ ਵਿੱਚ ਨਾਮਜ਼ਦ ਨਵਨੀਤ ਸਿੰਘ ਨੀਟਾ ਵਾਸੀ ਪਿੰਡ ਰੰਧਾਵਾ (ਗੁਰਾਇਆ) ਨੂੰ ਮੈਡੀਕਲ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਚੋਰੀ ਦੇ ਮਾਮਲੇ ’ਚ ਮੁਲਜ਼ਮ ਨੀਟਾ ਪਹਿਲਾਂ ਭਗੌੜਾ ਚੱਲਿਆ ਆ ਰਿਹਾ ਸੀ। ਉਹ ਕਾਫੀ ਸਮੇਂ ਤੋਂ ਫਰਾਰ ਚੱਲ ਰਿਹਾ ਸੀ। ਉਸ ਨੇ ਹੁਣੇ ਹੀ ਅਦਾਲਤ ਵਿੱਚ ਆਤਮ ਸਮਰਪਣ ਕੀਤਾ ਸੀ। ਅਦਾਲਤ ਦੇ ਹੁਕਮਾਂ ’ਤੇ ਨੀਟਾ ਨੂੰ ਪੁਲੀਸ ਨੇ ਹਿਰਾਸਤ ’ਚ ਲੈ ਲਿਆ ਸੀ। ਉਸ ਨੂੰ ਹਿਰਾਸਤ ਵਿਚ ਲੈਣ ਤੋਂ ਬਾਅਦ ਮੈਡੀਕਲ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਉਥੋਂ ਉਹ ਪਖਾਨਾ ਜਾਣ ਦੇ ਬਹਾਨੇ ਫਰਾਰ ਹੋ ਗਿਆ। ਇਕੱਠੇ ਹੋਏ ਦੋਵਾਂ ਪੁਲੀਸ ਮੁਲਾਜ਼ਮਾਂ ਨੇ ਨੀਟਾ ਦੇ ਫਰਾਰ ਹੋਣ ਦੀ ਸੂਚਨਾ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ ਹੈ। ਇਸ ਸਬੰਧੀ ਥਾਣਾ ਡਵੀਜ਼ਨ ਨੰਬਰ ਚਾਰ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।