ਭਗਵਾਨ ਦਾਸ ਸੰਦਲ
ਦਸੂਹਾ, 29 ਅਗਸਤ
ਇੱਥੇ ਪ੍ਰਸ਼ਾਸਨ ਦੀ ਕਥਿਤ ਲਾਪਰਵਾਹੀ ਕਾਰਨ ਸ਼ਹਿਰ ਦੇ ਬਾਜ਼ਾਰਾਂ ’ਚ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਹੈ ਜਿਸ ਕਾਰਨ ਲੋਕਾਂ ਨੂੰ ਆਵਾਜਾਈ ਸਬੰਧੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੌਮੀ ਮਾਰਗ ਸਮੇਤ ਹੋਰਨਾਂ ਥਾਵਾਂ ’ਤੇ ਖੋਖੇ, ਫੜ੍ਹੀਆਂ, ਫਲ ਤੇ ਸਬਜ਼ੀ ਵਿਕਰੇਤਾਵਾਂ ਅਤੇ ਕੁਝ ਹੋਰ ਕਾਰੋਬਾਰੀਆਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਨਗਰ ਕੌਂਸਲ ਦੀ ਕਾਰਗੁਜ਼ਾਰੀ ’ਤੇ ਪ੍ਰਸ਼ਨ ਚਿੰਨ੍ਹ ਲਗਾ ਰਹੇ ਹਨ। ਦੂਜੇ ਪਾਸੇ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਕਦੇ ਫਰਜ਼ੀ ਕਾਰਵਾਈ ਪਾ ਕੇ ਨਾਜਾਇਜ਼ ਕਬਜ਼ਿਆਂ ਦਾ ਖਾਤਮਾ ਦਿਖਾ ਦਿੱਤਾ ਜਾਂਦਾ ਹੈ। ਲਿਹਾਜ਼ਾ ਨਾਜਾਇਜ਼ ਕਬਜ਼ੇ ਹਟਾਉਣ ਲਈ ਪ੍ਰਸ਼ਾਸਨ ਗੰਭੀਰ ਨਜ਼ਰ ਨਹੀਂ ਆ ਰਿਹਾ ਹੈ।
ਜਾਣਕਾਰੀ ਮੁਤਾਬਕ ਸ਼ਹਿਰ ਦੇ ਡੀਏਵੀ ਕਾਲਜ ਰੋਡ, ਤਲਾਬ ਰੋਡ, ਇਮਲੀ ਚੋਂਕ, ਮਾਤਾ ਰਾਣੀ ਚੌਕ, ਲਾਇਬ੍ਰੇਰੀ ਚੌਕ, ਪੁਰਾਣਾ ਬੈਂਕ ਰੋਡ, ਮਿਆਣੀ ਰੋਡ ਤੇ ਮਿਸ਼ਨ ਰੋਡ ਆਦਿ ਥਾਵਾਂ ’ਤੇ ਦੁਕਾਨਦਾਰਾਂ, ਸ਼ੋਅਰੂਮਾਂ, ਰੈਸਟੋਰੈਂਟਾਂ ਅਤੇ ਰੇਹੜੀਆਂ ਵਾਲਿਆਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਕਾਰਨ ਆਵਾਜਾਈ ਪ੍ਰਭਾਵਿਤ ਹੁੰਦੀ ਹੈ। ਸ਼ਹਿਰ ਦੇ ਮਿਆਣੀ ਰੋਡ, ਤਲਾਬ ਰੋਡ ਤੇ ਹੁਸ਼ਿਆਰਪੁਰ ਰੋਡ ’ਤੇ ਸਭ ਤੋਂ ਮੰਦਾ ਹਾਲ ਹੈ ਜਿੱਥੇ ਕਈ ਦੁਕਾਨਦਾਰਾਂ ਨੇ 10-10 ਫੁੱਟ ਅੱਗੇ ਮੇਜ਼ ਲਾ ਕੇ ਬਾਜ਼ਾਰ ਦੇ ਰਸਤੇ ਨੂੰ ਤੰਗ ਕਰ ਦਿੱਤਾ ਹੈ, ਜਿਸ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਇਸ ਤੋਂ ਇਲਾਵਾ ਸ਼ਹਿਰ ਵਿੱਚ ਸ਼ੋਅਰੂਮਾਂ ਅਤੇ ਬੈਂਕਾਂ ਦੇ ਬਾਹਰ ਖੜ੍ਹੇ ਬੇਤਰਤੀਬੇ ਵਾਹਨਾਂ ਕਾਰਨ ਜਿੱਥੇ ਘੰਟਿਆਂਬੱਧੀ ਜਾਮ ਲੱਗਦੇ ਹਨ ਉੱਥੇ ਹੀ ਹਾਦਸੇ ਵਾਪਰ ਰਹੇ ਹਨ। ਵਪਾਰ ਮੰਡਲ ਦਸੂਹਾ ਦੇ ਪ੍ਰਧਾਨ ਅਮਰੀਕ ਸਿੰਘ ਗੱਗੀ ਠੁਕਰਾਲ ਤੇ ਡੀਪੀਸੀ ਐਂਡ ਵੈਲਫੇਅਰ ਫਾਊਂਡੇਸ਼ਨ ਦੇ ਮੋਹਤਬਰਾਂ ਨੇ ਕਿਹਾ ਕਿ ਨਾਜਾਇਜ਼ ਕਬਜ਼ਿਆਂ ਨੂੰ ਹਟਾ ਕੇ ਆਵਾਜਾਈ ਬਹਾਲ ਕਰਨਾ ਪ੍ਰਸ਼ਾਸਨ ਦਾ ਮੁੱਢਲਾ ਫਰਜ਼ ਹੈ। ਉਨ੍ਹਾਂ ਸ਼ਹਿਰ ਦੀ ਵਿਗੜ ਰਹੀ ਟ੍ਰੈਫਿਕ ਸਮੱਸਿਆ ਦੇ ਸਦੀਵੀ ਹੱਲ ਲਈ ਸਿਵਲ ਤੇ ਪੁਲੀਸ ਪ੍ਰਸ਼ਾਸਨ ਦੇ ਵਿਸ਼ੇਸ਼ ਧਿਆਨ ਦੀ ਮੰਗ ਕੀਤੀ ਹੈ।