ਪਾਲ ਸਿੰਘ ਨੌਲੀ
ਜਲੰਧਰ, 31 ਮਾਰਚ
ਮਹਿੰਗਾਈ ਦੇ ਮੁੱਦੇ ’ਤੇ ਕਾਂਗਰਸ ਵੱਲੋਂ ਅੱਜ ਕੇਂਦਰ ਸਰਕਾਰ ਵਿਰੁੱਧ ਕੀਤਾ ਗਿਆ ਰੋਸ ਪ੍ਰਦਰਸ਼ਨ ਠੁੱਸ ਰਿਹਾ। ਇਸ ਪ੍ਰਦਰਸ਼ਨ ਵਿੱਚ ਕਾਂਗਰਸ ਦਾ ਕੋਈ ਵਿਧਾਇਕ ਸ਼ਾਮਿਲ ਨਹੀਂ ਹੋਇਆ ਜਦ ਕਿ ਜ਼ਿਲ੍ਹੇ ਵਿੱਚ ਕਾਂਗਰਸ ਦੇ 5 ਵਿਧਾਇਕ ਜਿੱਤੇ ਸਨ।
ਪ੍ਰਦਰਸ਼ਨ ਦਾ ਸਮਾਂ ਸਵੇਰੇ ਸਾਢੇ 11 ਵਜੇ ਦਾ ਰੱਖਿਆ ਹੋਇਆ ਸੀ। ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਬਲਰਾਜ ਠਾਕਰ ਲੰਮਾ ਸਮਾਂ ਕਾਂਗਰਸੀ ਵਰਕਰਾਂ ਤੇ ਆਗੂਆਂ ਨੂੰ ਉਡੀਕਦੇ ਰਹੇ। ਇੱਕ ਘੰਟੇ ਤੱਕ ਉਡੀਕਣ ਤੋਂ ਬਾਅਦ ਜਦੋਂ ਬਹੁਤੇ ਆਗੂ ਨਾ ਆਏ ਤਾਂ ਕਾਂਗਰਸ ਭਵਨ ਵਿੱਚ ਹਾਜ਼ਰ ਕਾਂਗਰਸੀਆਂ ਨੇ ਕੇਂਦਰ ਸਰਕਾਰ ਵਿਰੁੱਧ ਥਾਲੀਆਂ ਖੜਕਾਉਣੀਆਂ ਸ਼ੁਰੂ ਕਰ ਦਿੱਤੀਆਂ।
ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਬਲਰਾਜ ਠਾਕੁਰ ਦਾ ਉਦੋਂ ਹੌਸਲਾ ਬੱਝਾ ਜਦੋਂ ਇਸ ਰੋਸ ਪ੍ਰਦਰਸ਼ਨ ਵਿੱਚ ਜ਼ਿਲ੍ਹਾ ਮਹਿਲਾ ਕਾਂਗਰਸ ਦੀ ਪ੍ਰਧਾਨ ਜਸਲੀਨ ਸੇਠੀ ਆਪਣੇ ਨਾਲ ਕਾਂਗਰਸ ਦੀਆਂ ਵਰਕਰਾਂ ਲੈ ਕੇ ਕਾਂਗਰਸ ਭਵਨ ਪਹੁੰਚੀ। ਕਾਂਗਰਸ ਵਰਕਰਾਂ ਦੀ ਗਿਣਤੀ ਘੱਟ ਹੋਣ ਕਾਰਨ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਜਾ ਕੇ ਰੋਸ ਪ੍ਰਦਰਸ਼ਨ ਕਰਨ ਦੀ ਵੀ ਹਿੰਮਤ ਨਹੀਂ ਦਿਖਾਈ। ਸਿਰਫ ਕਾਂਗਰਸ ਭਵਨ ਦੇ ਗੇਟ ਦੇ ਬਾਹਰ ਆ ਕੇ ਨਾਅਰੇਬਾਜ਼ੀ ਕੀਤੀ। ਜ਼ਿਲ੍ਹਾ ਮਹਿਲਾ ਕਾਂਗਰਸ ਦੀ ਸਾਬਕਾ ਪ੍ਰਧਾਨ ਜਸਲੀਨ ਸੇਠੀ ਨੇ ਰਸੋਈ ਗੈਸ ਦਾ ਸਿਲੰਡਰ ਚੁੱਕ ਕੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਰਸੋਈ ਗੈਸ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ ਤੇ ਲੋਕਾਂ ਦੀ ਰਸੋਈ ਦਾ ਸਾਰਾ ਬਜਟ ਹਿੱਲ ਗਿਆ। ਮਹਿਲਾਂ ਕਾਂਗਰਸ ਦੀਆਂ ਵਰਕਰਾਂ ਨੇ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਜ਼ਿਲ੍ਹਾ ਪ੍ਰਧਾਨ ਬਲਰਾਜ ਠਾਕੁਰ ਨੂੰ ਜਦੋਂ ਕਾਂਗਰਸ ਦੇ ਇਸ ਰੋਸ ਪ੍ਰਦਰਸ਼ਨ ਵਿੱਚ ਕਾਂਗਰਸੀ ਵਿਧਾਇਕਾਂ ਦੇ ਨਾ ਆਉਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਸਾਰੇ ਵਿਧਾਇਕਾਂ ਨੂੰ ਸੱਦਾ ਦਿੱਤਾ ਗਿਆ ਸੀ ਪਰ ਉਹ ਰੁਝੇਵਿਆਂ ਕਾਰਨ ਨਹੀਂ ਆ ਸਕੇ। ਇਸ ਮੌਕੇ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਦਰਸ਼ਨ ਸਿੰਘ ਟਾਹਲੀ ਤੇ ਹੋਰ ਆਗੂ ਵੀ ਹਾਜ਼ਰ ਸਨ।
ਅਟਾਰੀ (ਦਿਲਬਾਗ ਸਿੰਘ ਗਿੱਲ): ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੈਟਰੋਲ, ਡੀਜ਼ਲ ਅਤੇ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਕਰਨ ਦੇ ਖ਼ਿਲਾਫ਼ ਕਾਂਗਰਸ ਪਾਰਟੀ ਦੇ ਦਿਹਾਤੀ ਦਫ਼ਤਰ ਵਿੱਚ ਵਰਕਿੰਗ ਪ੍ਰਧਾਨ ਹਰਜਿੰਦਰ ਸਿੰਘ ਸੇਖੋਂ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਖਾਲੀ ਸਿਲੰਡਰ, ਮੋਟਰਸਾਈਕਲ, ਖਾਲੀ ਭਾਂਡੇ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਦੇ ਵਰਕਿੰਗ ਪ੍ਰਧਾਨ ਹਰਜਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਕੇਂਦਰ ਵਿਚਲੀ ਭਾਜਪਾ ਸਰਕਾਰ ਨੇ ਪੈਟਰੋਲ, ਡੀਜ਼ਲ ਅਤੇ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਅਥਾਹ ਵਾਧਾ ਕਰਕੇ ਪੰਜਾਬ ਦੀ ਜਨਤਾ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ। ਇਸ ਮੌਕੇ ਅਮਨਦੀਪ ਸਿੰਘ ਕੱਕੜ (ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ), ਕਾਂਗਰਸ ਸੇਵਾ ਦਲ ਦੀ ਆਰਗੇਨਾਈਜ਼ਰ ਲੀਲਾ ਵਰਮਾ, ਤਰੁਨ ਸਿੰਘ, ਜਸਕਰਨ, ਨੀਲਮ ਸ਼ਰਮਾ, ਗੁਰਪ੍ਰੀਤ ਸਿੰਘ ਪੰਜੂਰਾਏ, ਨਿਰਮਲ ਸਿੰਘ, ਅਨਵਰ, ਰਵੀ ਆਦਿ ਹਾਜ਼ਰ ਸਨ।
ਫਗਵਾੜਾ (ਜਸਬੀਰ ਸਿੰਘ ਚਾਨਾ): ਦੇਸ਼ ਭਰ ’ਚ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ’ਚ ਹੋ ਰਹੇ ਵਾਧੇ ਦੇ ਵਿਰੋਧ ’ਚ ਅੱਜ ਕਾਂਗਰਸ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ਼ ਦੇਸ਼ ਭਰ ’ਚ ਸ਼ੁਰੂ ਕੀਤੇ ਮਹਿੰਗਾਈ ਮੁਕਤ ਭਾਰਤ ਅਭਿਆਨ ਤਹਿਤ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ’ਚ ਕਾਂਗਰਸੀ ਵਰਕਰਾ ਦੇ ਨਾਲ ਐੱਸ.ਡੀ.ਐੱਮ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ’ਚ ਕੀਤੇ ਵਾਧੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ।