ਪੱਤਰ ਪ੍ਰੇਰਕ
ਤਲਵਾੜਾ, 6 ਜੂਨ
ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸਰਕਾਰ ਬਣਨ ’ਤੇ ਹਰ ਮਹਿਲਾ ਨੂੰ ਇੱਕ ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਸੀ ਜਿਸ ਤਹਿਤ ਇੱਕ ਨੌਜਵਾਨ ਪਿੰਡ ਰੱਕੜੀ ’ਚ ‘ਆਪ’ ਸਰਕਾਰ ਵੱਲੋਂ ਹਰ ਮਹਿਲਾ ਨੂੰ ਹਜ਼ਾਰ ਰੁਪਏ ਦੇਣ ਸਬੰਧੀ ਮੁਫ਼ਤ ’ਚ ਫਾਰਮ ਭਰ ਰਿਹਾ ਸੀ। ਇਸ ਸਬੰਧੀ ਪਤਾ ਲੱਗਣ ’ਤੇ ‘ਆਪ’ ਦੇ ਵਪਾਰ ਮੰਡਲ ਪ੍ਰਧਾਨ ਬੌਬੀ ਕੌਸ਼ਲ, ਸਰਕਲ ਇੰਚਾਰਜ ਪ੍ਰੇਮ ਲਾਲ, ਵਾਲੰਟੀਅਰ ਸੋਹਨ ਲਾਲ ਤੇ ਅਜੈ ਕੁਮਾਰ ਪਿੰਡ ਰੱਕੜੀ ਪੁੱਜੇ ਜਿਨ੍ਹਾਂ ਫਾਰਮ ਭਰ ਰਹੇ ਨੌਜਵਾਨ ਸ਼ਕਤੀ ਕਸ਼ਿਅਪ ਜੋ ਥਾਣਾ ਹਾਜੀਪੁਰ ਦੇ ਨਜ਼ਦੀਕ ਕੈਫ਼ੇ ਚਲਾਉਂਦਾ ਹੈ ਅਤੇ ਜਿਸ ਕੋਲੋਂ ‘ਆਪ’ ਦਾ ਸ਼ਨਾਖ਼ਤੀ ਕਾਰਡ ਵੀ ਮਿਲਿਆ ਹੈ, ਤੋਂ ਪੁੱਛ ਪੜਤਾਲ ਕੀਤੀ। ਇਸ ਮਗਰੋਂ ‘ਆਪ’ ਵਾਲੰਟੀਅਰਾਂ ਨੇ ਨੌਜਵਾਨ ਨੂੰ ਤਲਵਾੜਾ ਪੁਲੀਸ ਹਵਾਲੇ ਕਰ ਦਿੱਤਾ। ਵਪਾਰ ਮੰਡਲ ਪ੍ਰਧਾਨ ਬੌਬੀ ਕੌਸ਼ਲ ਨੇ ਕਿਹਾ ਕਿ ਅਜੇ ਤੱਕ ਕਿਸੇ ਵੀ ਕਿਸਮ ਦਾ ਕੋਈ ਵੀ ਫਾਰਮ ਸਰਕਾਰ ਵੱਲੋਂ ਨਹੀਂ ਭਰਿਆ ਜਾ ਰਿਹਾ। ਥਾਣਾ ਤਲਵਾੜਾ ਮੁਖੀ ਹਰਗੁਰਦੇਵ ਸਿੰਘ ਨੇ ਕਿਹਾ ਕਿ ਨੌਜਵਾਨ ਨੇ ਪਿੰਡ ਰੱਕੜੀ ’ਚ ਫਾਰਮ ਭਰਨ ਬਦਲੇ ਕਿਸੇ ਕੋਲੋਂ ਕੋਈ ਪੈਸਾ ਨਹੀਂ ਲਿਆ, ਪਿੰਡ ’ਚ ਬਾਕਾਇਦਾ ਪੁਲੀਸ ਵੱਲੋਂ ਦਰਿਆਫ਼ਤ ਕਰਵਾਈ ਗਈ ਸੀ, ਜਿਸ ਕਰਕੇ ਉਸਨੂੰ ਤਾੜਨਾ ਦੇ ਕੇ ਛੱਡ ਦਿੱਤਾ ਗਿਆ।