ਪੱਤਰ ਪ੍ਰੇਰਕ
ਹੁਸ਼ਿਆਰਪੁਰ, 13 ਅਕਤੂਬਰ
ਹਲਕਾ ਚੱਬੇਵਾਲ ਤੋਂ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਦੋ ਨੇਤਾਵਾਂ ਡਾ. ਕੁਮਾਰ ਵਿਸ਼ਵਾਸ ਅਤੇ ਤਜਿੰਦਰ ਬੱਗਾ ਨੂੰ ਕਲੀਨ ਚਿੱਟ ਦੇਣਾ ਅਤੇ ਉਨ੍ਹਾਂ ਵਿਰੁੱਧ ਐੱਫ.ਆਈ.ਆਰ ਨੂੰ ਰੱਦ ਕਰਨ ਦੇ ਨਾਲ-ਨਾਲ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੋਵਾਂ ਨੂੰ ਸੱਤਾ ਦੀ ਦੁਰਵਰਤੋਂ ਲਈ ਫਟਕਾਰ ਲਗਾਉਣਾ ਇੱਕ ਸਖ਼ਤ ਸੰਦੇਸ਼ ਹੈ। ਉਨ੍ਹਾਂ ਕਿਹਾ ਕਿ ਅਦਾਲਤ ਨੇ ਆਮ ਆਦਮੀ ਪਾਰਟੀ ਨੂੰ ਬਦਲਾਖੋਰੀ ਦੀ ਸਿਆਸਤ ਤੋਂ ਗੁਰੇਜ਼ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਅਦਾਲਤ ਨੇ ਬਹੁਤ ਹੀ ਢੁੱਕਵਾਂ ਬਿਆਨ ਦਿੱਤਾ ਹੈ ਕਿ ਚੋਣ ਕਰਨ ਅਤੇ ਬੋਲਣ ਦੀ ਆਜ਼ਾਦੀ ਤੋਂ ਬਿਨਾਂ ਕੋਈ ਲੋਕਤੰਤਰ ਨਹੀਂ ਹੋ ਸਕਦਾ। ਪੰਜਾਬ ਦੇ ਬਾਹਰੀ ਨਾਗਰਿਕਾਂ ਖਿਲਾਫ਼ ਪੰਜਾਬ ਵਿੱਚ ਕੇਸ ਦਰਜ ਕਰਨਾ ਕਿਸੇ ਤਰ੍ਹਾਂ ਵੀ ਵਾਜਬਿ ਨਹੀਂ ਸੀ। ਡਾ. ਰਾਜ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਵਿਰੋਧੀ ਧਿਰ ਦੇ ਕਈ ਆਗੂਆਂ ਨਾਲ ਅਜਿਹੀ ਬਦਲਾਖੋਰੀ ਦੀ ਰਾਜਨੀਤੀ ਕਰ ਰਹੀ ਹੈ ਅਤੇ ਅਦਾਲਤ ’ਚ ਅਜਿਹੇ ਮਾਮਲਿਆਂ ’ਚ ਉਨ੍ਹਾਂ ਦਾ ਇਹੀ ਹਾਲ ਹੋਵੇਗਾ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਾਈ ਕੋਰਟ ਦੀ ਇਸ ਨਮੋਸ਼ੀ ਤੋਂ ਸਬਕ ਸਿੱਖਣਾ ਚਾਹੀਦਾ ਹੈ ਅਤੇ ‘ਆਪ’ ਸੁਪਰੀਮੋ ਦੀ ਕਠਪੁਤਲੀ ਬਣਨਾ ਬੰਦ ਕਰਨਾ ਚਾਹੀਦਾ ਹੈ।