ਹਰਪ੍ਰੀਤ ਕੌਰ
ਹੁਸ਼ਿਆਰਪੁਰ, 27 ਨਵੰਬਰ
ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹਾ ਟਰੇਡ ਵਿੰਗ ਦੇ ਪ੍ਰਧਾਨ ਜਸਪਾਲ ਚੇਚੀ ਦੀ ਅਗਵਾਈ ਹੇਠ ਮਿਨੀ ਸਕੱਤਰੇਤ ਦੇ ਬਾਹਰ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ‘ਆਪ’ ਵਰਕਰਾਂ ਨੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਮੁੱਖ ਮੰਤਰੀ ਤੇ ਟਰਾਂਸਪੋਰਟ ਮੰਤਰੀ ਦੇ ਪੁਤਲੇ ਵੀ ਫ਼ੂਕੇ। ਇਸ ਮੌਕੇ ਲੋਕ ਸਭਾ ਹਲਕਾ ਇੰਚਾਰਜ ਡਾ. ਹਰਮਿੰਦਰ ਸਿੰਘ ਬਖਸ਼ੀ ਵੀ ਮੌਜੂਦ ਸਨ। ਇਕੱਠ ਨੂੰ ਸੰਬੋਧਨ ਕਰਦਿਆਂ ਬਖਸ਼ੀ ਤੇ ਚੇਚੀ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲੋਕਾਂ ਨੂੰ ਗੁੰਮਰਾਹ ਕਰਕੇ ਆਪਣਾ ਡੰਗ ਟਪਾ ਰਹੀ ਹੈ। ਮੁੱਖ ਮੰਤਰੀ ਵਲੋਂ ਅਰਵਿੰਦ ਕੇਜਰੀਵਾਲ ਬਣਨ ਦਾ ਯਤਨ ਕੀਤਾ ਜਾ ਰਿਹਾ ਹੈ ਅਤੇ ਹਰ ਰੋਜ਼ ਝੂਠੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਜਦੋਂਕਿ ਜ਼ਮੀਨੀ ਪੱਧਰ ’ਤੇ ਇੱਕ ਵੀ ਕੰਮ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਕ ਪਾਸੇ ਮੁੱਖ ਮੰਤਰੀ ਸੂਬੇ ਦੇ ਲੋਕਾਂ ਨੂੰ ਧੋਖਾ ਦੇ ਰਹੇ ਹਨ ਅਤੇ ਦੂਜੇ ਪਾਸੇ ਟਰਾਂਸਪੋਰਟ ਮੰਤਰੀ ਅਤੇ ਉਪ ਮੁੱਖ ਮੰਤਰੀ ਕਰਮਚਾਰੀਆਂ ਨਾਲ ਦੁਰਵਿਵਹਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮੁਲਾਜ਼ਮ ਵਰਗ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਿਹਾ ਹੈ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਸਗੋਂ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਇਸ ਦਾ ਜਵਾਬ ਕਾਂਗਰਸ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਦੇਵੇਗੀ। ਇਸ ਮੌਕੇ ਨਵਜੋਤ ਕੌਰ ਜੋਤੀ, ਗੀਤਾ ਰਾਣੀ, ਬੀਨਾ ਰਾਣੀ, ਨਿਤਿਸ਼ ਕੁਮਾਰ, ਸੂਰਜ ਕੁਮਾਰ, ਰਾਜੀਵ ਸ਼ਰਮਾ, ਪਾਸਟਰ ਵਿੱਕੀ, ਸੋਮ ਨਾਥ, ਰਾਹੁਲ ਸ਼ਰਮਾ, ਭਜਨ ਕੌਰ, ਮਨੂ ਕੌਸ਼ਲ ਆਦਿ ਮੌਜੂਦ ਸਨ।