ਪੱਤਰ ਪ੍ਰੇਰਕ
ਹੁਸ਼ਿਆਰਪੁਰ, 11 ਮਾਰਚ
ਜ਼ਿਲ੍ਹੇ ਦੀਆਂ ਸੱਤ ਵਿਧਾਨ ਸਭਾ ਸੀਟਾਂ ਵਿਚੋਂ ਆਮ ਆਦਮੀ ਪਾਰਟੀ (ਆਪ) ਨੇ ਨਾ ਕੇਵਲ ਪੰਜ ਸੀਟਾਂ ’ਤੇ ਕਬਜ਼ਾ ਕਰ ਕੇ ਇਤਿਹਾਸ ਰਚਿਆ ਹੈ ਸਗੋਂ ਹਾਰੀਆਂ ਸੀਟਾਂ ’ਤੇ ਵੀ ਦੂਜੇ ਨੰਬਰ ’ਤੇ ਰਹੀ ਹੈ। ਹੁਸ਼ਿਆਰਪੁਰ, ਗੜ੍ਹਸ਼ੰਕਰ, ਸ਼ਾਮਚੁਰਾਸੀ, ਉੜਮੁੜ ਅਤੇ ਦਸੂਹਾ ਵਿਚ ‘ਆਪ’ ਸਭ ਤੋਂ ਸ਼ਕਤੀਸ਼ਾਲੀ ਪਾਰਟੀ ਬਣ ਕੇ ਉੱਭਰੀ ਹੈ। ਮੁਕੇਰੀਆਂ ਤੇ ਚੱਬੇਵਾਲ ਜੋ ਇਸ ਦੇ ਹਿੱਸੇ ਵਿਚ ਨਹੀਂ ਆਏ, ਉੱਥੇ ਵੀ ਇਸ ਦੇ ਬਾਕੀ ਸਥਾਪਤ ਪਾਰਟੀਆਂ ਨੂੰ ਪਛਾੜ ਦਿੱਤਾ ਹੈ।
ਸ਼ਾਮਚੁਰਾਸੀ ਰਾਖਵੀਂ ਸੀਟ ‘ਆਪ’ ਨੇ ਸਭ ਤੋਂ ਵੱਧ ਫ਼ਰਕ ਨਾਲ ਜਿੱਤੀ ਹੈ। 2017 ਦੀਆਂ ਚੋਣਾਂ ’ਚ ‘ਆਪ’ ਨੂੰ ਇੱਥੋਂ 34.8 ਫ਼ੀਸਦੀ ਵੋਟਾਂ ਪਈਆਂ ਸਨ। ਇਸ ਵਾਰ ਇਹ ਦਰ ਵਧ ਕੇ 48.97 ਫ਼ੀਸਦੀ ਹੋ ਗਈ। ਡਾ. ਰਵਜੋਤ ਸਿੰਘ ਜੋ ਪਿਛਲੀ ਵਾਰ ਵੀ ‘ਆਪ’ ਦੇ ਉਮੀਦਵਾਰ ਸਨ, ਨੇ ਇਸ ਵਾਰ ਇਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿਚ ਪਾਈ ਹੈ। ਗੜ੍ਹਸ਼ੰਕਰ ਹਲਕੇ ’ਚ ਭਾਵੇਂ ਪਿਛਲੀਆਂ ਚੋਣਾਂ ਨਾਲੋਂ ਘੱਟ ਵੋਟਾਂ ਪਈਆਂ ਪਰ ਪਾਰਟੀ ਇਕ ਵਾਰ ਫਿਰ ਇਹ ਸੀਟ ਜਿੱਤਣ ਵਿਚ ਕਾਮਯਾਬ ਰਹੀ।
ਆਮ ਆਦਮੀ ਪਾਰਟੀ ਨੂੰ ਚੱਬੇਵਾਲ ਵਿਚ 34.41 ਫ਼ੀਸਦੀ, ਉੜਮੁੜ ’ਚ 34 ਫ਼ੀਸਦੀ, ਹੁਸ਼ਿਆਰਪੁਰ ’ਚ 39.96 ਫ਼ੀਸਦੀ, ਦਸੂਹਾ ’ਚ 32.42 ਫ਼ੀਸਦੀ ਅਤੇ ਮੁਕੇਰੀਆਂ ’ਚ 26.76 ਫ਼ੀਸਦੀ ਵੋਟਾਂ ਪੋਲ ਹੋਈਆਂ ਜੋ ਪਾਰਟੀ ਲਈ ਵੱਡੀ ਪ੍ਰਾਪਤੀ ਹੈ। ਪਾਰਟੀ ਨੂੰ ਨਾ ਕੇਵਲ ਪਿੰਡਾਂ ’ਚੋਂ ਸਮਰਥਨ ਮਿਲਿਆ ਬਲਕਿ ਸ਼ਹਿਰੀ ਵੋਟਰਾਂ ਨੇ ਵੀ ਪੂਰਾ ਸਾਥ ਦਿੱਤਾ। ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਬਸਪਾ ਦਾ ਵੋਟ ਬੈਂਕ ‘ਆਪ’ ਵੱਲ ਝੁਕ ਗਿਆ।
ਗੜ੍ਹਸ਼ੰਕਰ ਤੋਂ ਚੁਣੇ ਗਏ ਜੈ ਕ੍ਰਿਸ਼ਨ ਰੌੜੀ ਨੂੰ ਛੱਡ ਕੇ ਬਾਕੀ ਸਾਰੇ ‘ਆਪ’ ਵਿਧਾਇਕ ਪਹਿਲੀ ਵਾਰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹ ਰਹੇ ਹਨ। ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੌਦੀਆ ਅਤੇ ਪੰਜਾਬ ਦੇ ਹੋਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੀਤਾ ਚੋਣ ਪ੍ਰਚਾਰ ਉਮੀਦਵਾਰਾਂ ਲਈ ਲਾਹੇਵੰਦ ਸਾਬਿਤ ਹੋਇਆ। ਦੂਜੇ ਪਾਸੇ ਕਾਂਗਰਸ ਅਤੇ ਭਾਜਪਾ ਨੂੰ ਸਟਾਰ ਪ੍ਰਚਾਰਕਾਂ ਦਾ ਕੋਈ ਫ਼ਾਇਦਾ ਨਹੀਂ ਹੋਇਆ। ਰਾਹੁਲ ਗਾਂਧੀ ਨੇ ਹੁਸ਼ਿਆਰਪੁਰ ਹਲਕੇ ’ਚ ਵੱਡੀ ਰੈਲੀ ਕੀਤੀ ਸੀ ਪਰ ਇਸ ਦੇ ਬਾਵਜੂਦ ਵੋਟਰਾਂ ਨੂੰ ਪ੍ਰਭਾਵਿਤ ਕਰਨ ’ਚ ਅਸਫ਼ਲ ਰਹੇ।
ਸ਼੍ਰੋਮਣੀ ਅਕਾਲੀ ਦਲ ਨੇ ਹੁਸ਼ਿਆਰਪੁਰ, ਸ਼ਾਮਚੁਰਾਸੀ, ਟਾਂਡਾ ਤੇ ਦਸੂਹਾ ਸੀਟਾਂ ਬਸਪਾ ਨੂੰ ਦੇ ਦਿੱਤੀਆਂ ਸਨ ਪਰ ਇਹ ਗਠਜੋੜ ਲੋਕਾਂ ਨੂੰ ਪ੍ਰਭਾਵਿਤ ਕਰਨ ’ਚ ਅਸਫ਼ਲ ਰਿਹਾ। ਅਕਾਲੀ ਦਲ ਨੇ ਗੜ੍ਹਸ਼ੰਕਰ, ਚੱਬੇਵਾਲ, ਤੇ ਮੁਕੇਰੀਆਂ ਸੀਟਾਂ ਆਪਣੇ ਚੋਣ ਨਿਸ਼ਾਨ ’ਤੇ ਲੜੀਆਂ ਪਰ ਇੱਥੇ ਵੀ ਤੀਜੇ ਨੰਬਰ ’ਤੇ ਰਹੀ।