ਲਖੀਮਪੁਰ ਖੀਰੀ ਦੀ ਘਟਨਾ ਵਿਰੁੱਧ ਪਿੰਡਾਂ ਅਤੇ ਸ਼ਹਿਰਾਂ ਵਿੱਚ ਰੋਹ ਬਰਕਰਾਰ ਨੂੰ ਲੈ ਕੇ ਯੂਥ ਕਾਂਗਰਸੀ ਵਰਕਰਾਂ ਨੇ ਮੋਦੀ ਤੇ ਯੋਗੀ ਸਰਕਾਰ ਦਾ ਪੁਤਲਾ ਸਾੜਿਆ
ਗੁਰਬਖਸ਼ਪੁਰੀ
ਤਰਨ ਤਾਰਨ, 5 ਅਕਤੂਬਰ
ਲਖੀਮਪੁਰ ਖੀਰੀ (ਉੱਤਰ ਪ੍ਰਦੇਸ਼) ਵਿੱਚ ਭਾਜਪਾ ਆਗੂ ਦੇ ਪੁੱਤਰ ਵੱਲੋਂ ਕਿਸਾਨਾਂ ਨੂੰ ਕਾਰ ਚਾੜ੍ਹ ਕੇ ਮਾਰਨ ਵਿਰੁੱਧ ਰੋਸ ਵਜੋਂ ਅੱਜ ਇਥੇ ‘ਆਪ’ ਆਗੂ ਗੁਰਦੇਵ ਸਿੰਘ ਸੰਧੂ ਦੀ ਅਗਵਾਈ ਵਿੱਚ ਪਾਰਟੀ ਵਲੰਟੀਅਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦਾ ਪੁਤਲਾ ਫੂਕਿਆ| ਪਾਰਟੀ ਵਾਲੰਟੀਅਰਾਂ ਨੇ ਇਥੋਂ ਦੇ ਅੰਮ੍ਰਿਤਸਰ-ਝਬਾਲ ਚੌਕ ਵਿੱਚ ਇਨ੍ਹਾਂ ਘਟਨਾਵਾਂ ਖਿਲਾਫ਼ ਇੱਕ ਵਿਖਾਵਾ ਕਰਦਿਆਂ ਭਾਜਪਾ ਵੱਲੋਂ ਆਪਣੇ ਵਿਰੋਧੀਆਂ ਦੀ ਆਵਾਜ਼ ਨੂੰ ਦਬਾਉਣ ਲਈ ਕਤਲਾਂ ਦੀ ਨੀਤੀ ਨੂੰ ਰਾਜਨੀਤੀ ਵਿੱਚ ਹਾਵੀ ਕਰਨ ਖਿਲਾਫ਼ ਆਵਾਜ ਉਠਾਈ| ਗੁਰਦੇਵ ਸਿੰਘ ਨੇ ਇਸ ਮੌਕੇ ਸੰਬੋਧਨ ਕਰਦਿਆਂ ਇਨ੍ਹਾਂ ਘਟਨਾਵਾਂ ਵਿੱਚ ਮਾਰੇ ਗਏ ਚਾਰ ਕਿਸਾਨਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਅਤੇ ਦੇਸ਼ ਦੇ ਲੋਕਾਂ ਨੂੰ ਭਾਜਪਾ ਦੇ ਕਾਤਲ ਚਿਹਰੇ ਖਿਲਾਫ਼ ਖੁੱਲ੍ਹ ਕੇ ਸਾਹਮਣੇ ਆਉਣ ਦੀ ਅਪੀਲ ਕੀਤੀ| ਉਨ੍ਹਾਂ ਚਰਚਿਤ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਦੀ ਵੀ ਮੰਗ ਕੀਤੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਕਿਸਾਨਾਂ ਵਿਰੁੱਧ ਘਟੀਆ ਬਿਆਨ ਲਈ ਮੁਆਫੀ ਮੰਗਣ ਲਈ ਕਿਹਾ| ਇਸ ਮੌਕੇ ਲਖਵਿੰਦਰ ਸਿੰਘ ਫੌਜੀ, ਗੁਰਸੇਵਕ ਸੰਧੂ, ਸੁਖਦੇਵ ਸਿੰਘ, ਸੁਖਦੇਵ ਸਿੰਘ ਤੁੜ, ਸੁਖਦੀਪ ਸਿੰਘ ਫੌਜੀ ਨੇ ਵੀ ਸੰਬੋਧਨ ਕੀਤਾ|
ਯੂਥ ਕਾਂਗਰਸੀਆਂ ਨੇ ਸ਼ਹਿਰ ਵਿੱੱਚ ਰੋਸ ਮਾਰਚ ਕੱਢਿਆ
ਟਾਂਡਾ(ਸੁਰਿੰਦਰ ਸਿੰਘ ਗੁਰਾਇਆ): ਲਖੀਮਪੁਰ ਖੀਰੀ ਦੀ ਘਟਨਾ ਵਿੱਚ ਕਿਸਾਨਾਂ ਦੇ ਹੋਏ ਕਤਲ ਲਈ ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਯੂਥ ਕਾਂਗਰਸ ਵਰਕਰਾਂ ਨੇ ਅੱਜ ਇੱਥੇ ਕੇਂਦਰ ਦੀ ਮੋਦੀ ਅਤੇ ਯੂਪੀ ਦੀ ਯੋਗੀ ਸਰਕਾਰ ਦਾ ਪੁਤਲਾ ਸਾੜ ਕੇ ਰੋਹ ਭਰੀ ਨਾਅਰੇਬਾਜ਼ੀ ਕੀਤੀ। ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਦਮਨਦੀਪ ਸਿੰਘ ਬਿੱਲਾ, ਨਗਰ ਕੌਂਸਲ ਦੇ ਪ੍ਰਧਾਨ ਗੁਰਸੇਵਕ ਮਾਰਸ਼ਲ, ਹਲਕਾ ਉੜਮੁੜ ਦੇ ਪ੍ਰਧਾਨ ਗੋਲਡੀ ਕਲਿਆਣਪੁਰ ਅਤੇ ਸਾਬਕਾ ਪ੍ਰਧਾਨ ਹਰੀ ਕ੍ਰਿਸ਼ਨ ਸੈਣੀ ਦੀ ਅਗਵਾਈ ਵਿੱਚ ਸ਼ਹਿਰ ’ਚ ਰੋਸ ਮਾਰਚ ਕੱਢਣ ਉਪਰੰਤ ਸਰਕਾਰੀ ਹਸਪਤਾਲ ਚੌਂਕ ਵਿੱਚ ਕਾਂਗਰਸੀ ਵਰਕਰਾਂ ਨੇ ਮੋਦੀ ਅਤੇ ਯੋਗੀ ਸਰਕਾਰ ਦਾ ਪੁਤਲਾ ਸਾੜਿਆ।
ਕੈਪਸ਼ਨ:ਮੋਦੀ ਅਤੇ ਯੋਗੀ ਸਰਕਾਰ ਦਾ ਪੁਤਲਾ ਸਾੜਦੇ ਹੋਏ ਯੂਥ ਕਾਂਗਰਸੀ ਵਰਕਰ।
ਚੋਹਲਾ ਸਾਹਿਬ (ਤੇਜਿੰਦਰ ਸਿੰਘ ਖਾਲਸਾ): ਲਖੀਮਪੁਰ ਖੀਰੀ ਕਾਂਡ ਵਿਰੁੱਧ ਮਨਜਿੰਦਰ ਸਿੰਘ ਲਾਲਪੁਰ ਦੀ ਅਗਵਾਈ ਹੇਠ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਕਸਬਾ ਚੋਹਲਾ ਸਾਹਿਬ ਦੇ ਮੇਨ ਚੌਕ ਵਿੱਚ ਪੁਤਲੇ ਸਾੜੇ ਗਏ ਅਤੇ ਸੈਂਟਰ ਸਰਕਾਰ ਤੇ ਯੂਪੀ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਿੰਦਰ ਸਿੰਘ ਐਮੀਂ ਜਿਲਾ ਵਾਈਸ ਪ੍ਰਧਾਨ, ਯੂਥ ਵਿੰਗ ਬਲਾਕ ਪ੍ਰਧਾਨ ਸਵਿੰਦਰ ਸਿੰਘ ਚੰਬਾ, ਬਲਾਕ ਪ੍ਰਧਾਨ ਦਵਿੰਦਰ ਸਿੰਘ ਗੋਰਖਾ, ਸ਼ੰਮਸ਼ੇਰ ਸਿੰਘ ਕੱਲ੍ਹਾ, ਕਾਰਜ ਸਿੰਘ ਬ੍ਰਹਮਪੁਰਾ ਸੁਰਜੀਤ, ਸਿੰਘ ਮੁੰਡਾ ਪਿੰਡ ਦੋਵੇਂ ਜਿਲਾ ਜਰਨਲ ਸਕੱਤਰ ਕਿਸਾਨ ਵਿੰਗ ਅਤੇ ਵਲੰਟੀਅਰ ਹਾਜ਼ਰ ਸਨ।
ਫ਼ਤਿਹਗੜ੍ਹ ਚੂੜੀਆਂ(ਹਰਪਾਲ ਸਿੰਘ ਨਾਗਰਾ): ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਖੇ ਕਿਸਾਨਾਂ ਨਾਲ ਵਾਪਰੀ ਘਟਨਾ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਵੱਲੋਂ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂ, ਜ਼ਿਲ੍ਹਾ ਪ੍ਰਧਾਨ ਪ੍ਰੀਤਮ ਸਿੰਘ ਬੱਬੂ ਅਤੇ ਹਰਜੀਤ ਸਿੰਘ ਦੀ ਅਗਵਾਈ ਹੇਠ ਫਤਿਹਗੜ੍ਹ ਚੂੜੀਆਂ ਵਿਖੇ ਯੋਗੀ ਤੇ ਮੋਦੀ ਸਰਕਾਰ ਵਿਰੁੱਧ ਅਰਥੀ ਫੂਕ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਆਪ ਆਗੂ ਸਚਿਨ ਪਾਂਧੀ, ਰਜੀਵ ਸ਼ਰਮਾ ਅਤੇ ਰਛਪਾਲ ਸਿੰਘ ਨੇ ਕਿਹਾ ਕਿ ਭਾਜਪਾ ਸਰਕਾਰ ਦੇ ਮੰਤਰੀ ਅਜੈ ਟੈਣੀ ਦੇ ਮੁੰਡੇ ਤੇ ਸਾਥੀਆਂ ਵੱਲੋਂ ਸ਼ਾਂਤਮਈ ਜਾ ਰਹੇ ਕਿਸਾਨਾਂ ਨੂੰ ਗੱਡੀ ਹੇਠ ਕੁਚਲ ਕੇ ਮਾਰਨ ਦਾ ਘਿਨਾਉਣਾ ਕੰਮ ਕੀਤਾ ਹੈ। ਆਪ ਆਗੂਆਂ ਨੇ ਇਸ ਘਟਨਾ ਦੇ ਵਿਰੋਧ ਦੀ ਸਖ਼ਤ ਨਿਖੇਧੀ ਕਰਦਿਆਂ ਭਾਜਪਾ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਹ ਰੋਸ ਮਾਰਚ ਕਸਬੇ ਦੇ ਨਵੇਂ ਬੱਸ ਸਟੈਂਡ ਤੋਂ ਸ਼ੁਰੂ ਹੋ ਕੇ ਬਜ਼ਾਰਾਂ ਵਿੱਚੋ ਦੀ ਹੁੰਦਾ ਹੋਇਆ ਗੁਰਦੁਆਰਾ ਸਾਧ ਸੰਗਤ ਚੌਕ ਵਿਖੇ ਸਮਾਪਤ ਹੋਇਆ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਨੂੰ ਕਰੇਨ ’ਤੇ ਪੁੱਠਾ ਟੰਗ ਕੇ ਨਾਹਰੇਬਾਜ਼ੀ ਕਰਦਿਆਂ ਫੂਕਿਆ ਗਿਆ। ਇਸ ਮੌਕੇ ਆਪ ਆਗੂ ਲਖਵਿੰਦਰ ਸਿੰਘ, ਲਵਪ੍ਰੀਤ ਸਿੰਘ, ਕੁਲਦੀਪ ਸਿੰਘ, ਜਤਿੰਦਰ ਸਿੰਘ, ਪਰਮਜੀਤ ਸਿੰਘ, ਸੁੱਚਾ ਸਿੰਘ, ਕਰਨਜੀਤ ਸਿੰਘ, ਗੁਰਪ੍ਰੀਤ ਸਿੰਘ, ਜਸਪਾਲ ਸਿੰਘ , ਸੁਖਵੰਤ ਸਿੰਘ, ਜਸਪਾਲ ਸਿੰਘ , ਪਿਆਰਾ ਮਸੀਹ, ਬਲਵਿੰਦਰ ਸਿੰਘ, ਗੁਰਮੇਜ ਸਿੰਘ, ਤਰਸੇਮ ਸਿੰਘ ,ਜਗਜੀਤ ਸਿੰਘ ਅਤੇ ਡਾ. ਗੁਰਪਾਲ ਸਿੰਘ ਨੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।
ਗੁਰਦਾਸਪੁਰ (ਜਤਿੰਦਰ ਬੈਂਸ): ਉੱਤਰ ਪ੍ਰਦੇਸ਼ ਦੇ ਲਖੀਮਪੁਰ ਵਿੱਚ ਵਾਪਰੀ ਘਟਨਾ ਦੇ ਖਿਲਾਫ਼ ਅੱਜ ਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਜ਼ੋਨ ਤੇਜਾ ਸਿੰਘ ਸੁਤੰਤਰ ਦੇ ਪ੍ਰਧਾਨ ਰਣਬੀਰ ਸਿੰਘ ਡੁਗਰੀ ਅਤੇ ਪ੍ਰੈਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ ਦੀ ਅਗਵਾਈ ਹੇਠ ਕਿਸਾਨਾਂ ਨੇ ਇਲਾਕੇ ਦੇ ਵੱਖ ਵੱਖ ਪਿੰਡਾਂ ਅੰਦਰ ਮੁੱਖ ਮੰਤਰੀ ਯੋਗੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲਾ ਸਾੜ ਕੇ ਪ੍ਰਦਰਸ਼ਨ ਕੀਤਾ। ਸੰਘਰਸ਼ ਕਮੇਟੀ ਦੇ ਪ੍ਰੈਸ ਸਕੱਤਰ ਸੁਖਦੇਵ ਸਿੰਘ ਅੱਲੜਪਿੰਡੀ ਨੇ ਦੱਸਿਆ ਕਿ ਸਤਨਾਮ ਸਿੰਘ ਜੋਨ ਖਜਾਨਚੀ, ਸੁੱਚਾ ਸਿੰਘ ਬਲੱਗਣ, ਸੁਖਵਿੰਦਰ ਸਿੰਘ ਅੱਲੜ ਪਿੰਡੀ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਕਿਸਾਨਾਂ, ਮਜ਼ਦੂਰਾਂ ਵੱਲੋ ਅੱਜ ਪਿੰਡ ਹਰਦੋਛੰਨੀ ਰੋਡ ਹਰਦੋਛੰਨੀ ਜਾਮ ਕਰਕੇ ਤੇ ਯੋਗੀ ਤੇ ਮੋਦੀ ਦੇ ਪੁਤਲੇ ਫੂਕੇ ਗਏ ਤੇ ਮੰਗ ਕੀਤੀ ਕਿ ਮੰਤਰੀ ਅਜੇ ਮਿਸ਼ਰਾ ਤੇ ਉਸਦੇ ਪੁੱਤਰ ਖਿਲਾਫ਼ 302 ਦਾ ਪਰਚਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਆਗੂਆਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋ ਭਾਜਪਾ ਵਰਕਰਾਂ ਨੂੰ ਡੰਡੇ ਰੱਖਣ ਅਤੇ ਵਿਰੋਧ ਕਰ ਰਹੇ ਕਿਸਾਨਾਂ ਨੂੰ ਕੁੱਟਣ ਵਾਲੇ ਬਿਆਨ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ।