ਹਰਪ੍ਰੀਤ ਕੌਰ
ਹੁਸ਼ਿਆਰਪੁਰ, 10 ਮਾਰਚ
ਜ਼ਿਲ੍ਹਾ ਹੁਸ਼ਿਆਰਪੁਰ ਦੇ ਸੱਤ ਵਿਧਾਨ ਸਭਾ ਹਲਕਿਆਂ ਵਿੱਚੋਂ ਪੰਜ ਸੀਟਾਂ ’ਤੇ ਜਿੱਤ ਪ੍ਰਾਪਤ ਕਰ ਕੇ ਆਮ ਆਦਮੀ ਪਾਰਟੀ ਨੇ ਝੰਡੇ ਗੱਡ ਦਿੱਤੇ ਹਨ। ਕਾਂਗਰਸ ਸਿਰਫ਼ ਚੱਬੇਵਾਲ ਸੀਟ ਹੀ ਬਚਾਅ ਸਕੀ ਜਦੋਂਕਿ 2017 ਵਿਚ ਇਹ ਪਾਰਟੀ ਛੇ ਸੀਟਾਂ ’ਤੇ ਜੇਤੂ ਰਹੀ ਸੀ। ਭਾਰਤੀ ਜਨਤਾ ਪਾਰਟੀ ਨੂੰ ਸਿਰਫ਼ ਮੁਕੇਰੀਆਂ ਤੋਂ ਜਿੱਤ ਹਾਸਲ ਹੋਈ। ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਅਤੇ ਸੰਗਤ ਸਿੰਘ ਗਿਲਜ਼ੀਆਂ ਵੀ ਆਪਣੀਆਂ ਸੀਟਾਂ ਨਹੀਂ ਬਚਾਅ ਸਕੇ। ਜੇਤੂਆਂ ’ਚੋਂ ਹੁਸ਼ਿਆਰਪੁਰ ਹਲਕੇ ਤੋਂ ‘ਆਪ’ ਉਮੀਦਵਾਰ ਬ੍ਰਹਮ ਸ਼ੰਕਰ ਜਿੰਪਾ ਨੇ ਸਭ ਤੋਂ ਵੱਡੇ 13380 ਵੋਟਾਂ ਦੇ ਫ਼ਰਕ ਨਾਲ ਕਾਂਗਰਸ ਦੇ ਸੁੰਦਰ ਸ਼ਾਮ ਅਰੋੜਾ ਨੂੰ ਹਰਾਇਆ। ਜਿੱਤ-ਹਾਰ ਦਾ ਸਭ ਤੋਂ ਘੱਟ ਫ਼ਰਕ ਮੁਕੇਰੀਆਂ ’ਚ ਰਿਹਾ, ਜਿੱਥੇ ਭਾਜਪਾ ਦੇ ਜੰਗੀ ਲਾਲ ਮਹਾਜਨ ਨੇ ‘ਆਪ’ ਦੇ ਗੁਰਧਿਆਨ ਸਿੰਘ ਮੁਲਤਾਨੀ ਨੂੰ 2691 ਵੋਟਾਂ ਨਾਲ ਹਰਾਇਆ।
ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਤੋਂ ‘ਆਪ’ ਉਮੀਦਵਾਰ ਨੂੰ 37253 ਵੋਟਾਂ ਪਈਆਂ। ਚੱਬੇਵਾਲ ਤੋਂ ਕਾਂਗਰਸੀ ਉਮੀਦਵਾਰ ਡਾ. ਰਾਜ ਕੁਮਾਰ ਨੂੰ 47375 ਮਿਲੀਆਂ। ਦਸੂਹਾ ਵਿਚ ‘ਆਪ’ ਦੇ ਕਰਮਵੀਰ ਸਿੰਘ ਘੁੰਮਣ ਨੂੰ 43272, ਮੁਕੇਰੀਆਂ ਤੋਂ ਭਾਜਪਾ ਦੇ ਜੰਗੀ ਲਾਲ ਮਹਾਜਨ ਨੂੰ 41044 ਅਤੇ ‘ਆਪ’ ਦੇ ਗੁਰਧਿਆਨ ਸਿੰਘ ਮੁਲਤਾਨੀ ਨੂੰ 38353 ਵੋਟਾਂ ਮਿਲੀਆਂ। ਗੜ੍ਹਸ਼ੰਕਰ ਹਲਕੇ ਵਿਚ ‘ਆਪ’ ਦੇ ਜੈ ਕ੍ਰਿਸ਼ਨ ਰੌੜੀ ਨੂੰ 32341 ਅਤੇ ਕਾਂਗਰਸ ਦੇ ਅਮਰਪ੍ਰੀਤ ਸਿੰਘ ਲਾਲੀ ਨੂੰ 28162 ਵੋਟਾਂ ਮਿਲੀਆਂ। ਉੜਮੁੜ ਤੋਂ ‘ਆਪ’ ਦੇ ਜਸਬੀਰ ਸਿੰਘ ਰਾਜਾ ਗਿੱਲ ਨੂੰ 42576 ਅਤੇ ਕਾਂਗਰਸ ਦੇ ਸੰਗਤ ਸਿੰਘ ਗਿਲਜ਼ੀਆਂ ਨੂੰ 38386 ਵੋਟਾਂ ਮਿਲੀਆਂ। ਸ਼ਾਮਚੁਰਾਸੀ ਤੋਂ ‘ਆਪ’ ਦੇ ਡਾ. ਰਵਜੀਤ ਸਿੰਘ ਨੂੰ 60730 ਅਤੇ ਕਾਂਗਰਸ ਦੇ ਪਵਨ ਆਦੀਆ ਨੂੰ 39374 ਵੋਟਾਂ ਮਿਲੀਆਂ। ਸੱਤ ਹਲਕਿਆਂ ’ਚ 6810 ਵੋਟਰਾਂ ਨੇ ਨੋਟਾ ਦਾ ਬਟਨ ਦਬਾਇਆ।