ਫਗਵਾੜਾ: ਸ਼ਹਿਰ ’ਚ ਵੱਖ-ਵੱਖ ਥਾਵਾਂ ’ਤੇ ਕੂੜੇ ਦੇ ਢੇਰ ਫੌਰੀ ਤੌਰ ’ਤੇ ਚੁਕਵਾਉਣ ਲਈ ਅੱਜ ਨਿਗਮ ਕਮਿਸ਼ਨਰ ਡਾ. ਨਯਨ ਜੱਸਲ ਨੇ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ ਤੇ ਨਿਗਮ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੂੜੇ ਦੀ ਚੁਕਵਾਈ ਦਾ ਕੰਮ ਪੂਰੀ ਤਰ੍ਹਾਂ ਯਕੀਨੀ ਬਣਾਇਆ ਜਾਵੇ ਤਾਂ ਕਿ ਸ਼ਹਿਰ ’ਚ ਸਫ਼ਾਈ ਕਾਇਮ ਰਹਿ ਸਕੇ। ਉਨ੍ਹਾਂ ਨਗਰ ਨਿਗਮ ਦੀ ਟੀਮ ਨਾਲ ਮਾਲ ਗੁਦਾਮ ਰੋਡ, ਸੰਤੋਖਪੁਰਾ, ਹੁਸ਼ਿਆਰਪੁਰ ਰੋਡ, ਬਸੰਤ ਨਗਰ, ਭਗਤਪੁਰਾ ਤੇ ਗੋਬਿੰਦਪੁਰਾ ਵਿੱਚ ਦੌਰਾ ਕੀਤਾ ਤੇ ਨਗਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਰੋਜ਼ਾਨਾ ਕੂੜੇ ਦੇ ਡੰਪਾਂ ਤੋਂ ਕੂੜਾ ਚੁਕਵਾਉਣ। ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੂੜਾ ਸੜਕ ਦੇ ਕੰਢੇ ਨਾ ਖਿਲਾਰਨ ਤੇ ਉਨ੍ਹਾਂ ਦਾ ਕੂੜਾ ਡੋਰ-ਟੂ-ਡੋਰ ਇਕੱਠਾ ਕੀਤਾ ਜਾਵੇਗਾ, ਜੇਕਰ ਉਨ੍ਹਾਂ ਨੂੰ ਇਸ ਸਬੰਧੀ ਕੋਈ ਵੀ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਹ ਸੁਪਰਵਾਈਜ਼ਰ ਜਾਂ ਮੇਹਟ ਨਾਲ ਸੰਪਰਕ ਕਰਨ। -ਪੱਤਰ ਪ੍ਰੇਰਕ