ਹਤਿੰਦਰ ਮਹਿਤਾ
ਆਦਮਪੁਰ ਦੋਆਬਾ(ਜਲੰਧਰ), 18 ਸਤੰਬਰ
ਜਲੰਧਰ ਦੇ ਨਿਊ ਮਾਡਲ ਹਾਊਸ ਵਿੱਚ ਮਾਮੂਲੀ ਵਿਵਾਦ ਤੋਂ ਬਾਅਦ ਇੱਕ ਵਿਅਕਤੀ ਨੇ ਆਪਣੇ ਗੁਆਂਢੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਦਾ ਕਤਲ ਕਰ ਦਿੱਤਾ। ਮ੍ਰਿਤਕ ਨਾਥ (40) ਪੁੱਤਰ ਅੱਪਾ ਰਾਏ ਵਾਸੀ ਮਹਾਰਾਸ਼ਟਰ ਹਾਲ ਵਾਸੀ ਨਿਊ ਮਾਡਲ ਹਾਊਸ ਦੀ ਪਤਨੀ ਮਾਲਾ ਨੇ ਦੱਸਿਆ ਕਿ ਉਸ ਦਾ ਪਤੀ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ ਤੇ ਉਹ ਸਬਜ਼ੀ ਵੇਚ ਕੇ ਵਾਪਸ ਘਰ ਆ ਰਿਹਾ ਸੀ। ਉਸ ਨੇ ਦੋਸ਼ ਲਾਇਆ ਕਿ ਗੁਆਂਢ ਵਿੱਚ ਹੀ ਰਹਿੰਦੇ ਸ਼ੰਕਰ ਨਾਲ ਉਸ ਦਾ ਕਿਸੇ ਗੱਲ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਤੇ ਗੱਲ ਹੱਥੋਪਾਈ ’ਤੇ ਪਹੁੰਚ ਗਈ। ਇਸ ਦੌਕਾਨ ਸ਼ੰਕਰ ਦਾ ਲੜਕਾ ਵੀ ਘਟਨਾ ਵਾਲੀ ਥਾਂ ’ਤੇ ਆ ਗਿਆ। ਉਸ ਨੇ ਦੋਸ਼ ਲਾਇਆ ਕਿ ਸ਼ੰਕਰ ਅਤੇ ਉਸ ਦੇ ਲੜਕੇ ਨੇ ਤੇਜ਼ਧਾਰ ਹਥਿਆਰਾਂ ਨਾਲ ਨਾਥ ਦੇ ਸਿਰ ਅਤੇ ਮੂੰਹ ’ਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਲੋਕਾਂ ਨੇ ਨਾਥ ਨੂੰ ਸਿਵਲ ਹਸਪਤਾਲ ਜਲੰਧਰ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਭਾਰਵੋ ਕੈਂਪ ਥਾਣੇ ਦੀ ਪੁਲੀਸ ਨੇ ਕੇਸ ਦਰਜ ਕੇ ਸ਼ੰਕਰ ਅਤੇ ਉਸ ਲੜਕੇ ਦੀ ਭਾਲ ਲਈ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਹਮਲੇ ਤੋਂ ਬਾਅਦ ਪਿਓ-ਪੁੱਤਰ ਘਰੋਂ ਫ਼ਰਾਰ ਹੋ ਗਏ ਹਨ।