ਪੱਤਰ ਪ੍ਰੇਰਕ
ਤਲਵਾੜਾ, 16 ਅਕਤੂਬਰ
ਇੱਥੇ ਪੌਂਗ ਡੈਮ ’ਤੇ ਮੁਰੰਮਤ ਆਦਿ ਦੇ ਚੱਲ ਰਹੇ ਕੰਮਾਂ ਦਾ ਭਾਖੜਾ ਬਿਆਸ ਪ੍ਰਬੰਧਕ ਬੋਰਡ (ਬੀਬੀਐੱਮਬੀ) ਚੰਡੀਗੜ੍ਹ ਤੋਂ ਤਿੰਨ ਮੈਂਬਰੀ ਟੀਮ ਨੇ ਜਾਇਜ਼ਾ ਲਿਆ। ਬੋਰਡ ਦਫ਼ਤਰ ਤੋਂ ਸਕੱਤਰ ਸਤੀਸ਼ ਸਿੰਗਲਾ, ਸੰਯੁਕਤ ਸਕੱਤਰ ਅਨੁਜ ਗੁਗਲਾਨੀ ਤੇ ਇੰਜਨੀਅਰ ਰਾਕੇਸ਼ ਗੁਪਤਾ ਦਾ ਤਲਵਾੜਾ ਪਹੁੰਚਣ ’ਤੇ ਚੀਫ਼ ਇੰਜਨੀਅਰ ਅਰੁਣ ਸਿਡਾਨਾ ਨੇ ਸਵਾਗਤ ਕੀਤਾ। ਤਿੰਨ ਮੈਂਬਰੀ ਟੀਮ ਨੇ ਪੌਂਗ ਡੈਮ ਸਮੇਤ ਬੀਬੀਐੱਮਬੀ ਕਲੌਨੀ ’ਚ ਚੱਲ ਰਹੇ ਵੱਖ ਵੱਖ ਕੰਮਾਂ ਦਾ ਜਾਇਜ਼ਾ ਲਿਆ। ਬੀਬੀਐੱਮਬੀ ਮੁਲਾਜ਼ਮਾਂ ਦੀ ਸਟੇਟ ਕਰਮਚਾਰੀ ਜਥੇਬੰਦੀ ਦੇ ਪ੍ਰਧਾਨ ਵਿਜੈ ਕੁਮਾਰ ਠਾਕੁਰ ਦੀ ਅਗਵਾਈ ਹੇਠ ਇੱਕ ਵਫ਼ਦ ਟੀਮ ਮੈਂਬਰਾਂ ਨੂੰ ਮਿਲਿਆ। ਵਫ਼ਦ ਨੇ ਬੋਰਡ ਅਧਿਕਾਰੀਆਂ ਨੂੰ ਮੁਲਾਜ਼ਮ ਮੰਗਾਂ ਜਿੰਵੇਂ ਕੱਚੇ ਮੁਲਾਜ਼ਮਾਂ ਨੂੰ ਪੰਜ ਸਾਲਾ ਨੀਤੀ ਬਣਾ ਕੇ ਪੱਕੇ ਕਰਨ, ਡੇਲੀ ਵੇਜ਼ ਵਰਕਰਾਂ ਨੂੰ ਲਗਾਤਾਰ ਕੰਮ ਦੇਣ, ਬੀਬੀਐੱਮਬੀ ਕਲੌਨੀ ਬਹੁਤ ਪੁਰਾਣੀ ਬਣੀ ਹੋਣ ਕਾਰਨ ਨੰਗਲ ਅਤੇ ਸੁੰਦਰਨਗਰ ਦੀ ਤਰਜ਼ ’ਤੇ 500 ਦੇ ਕਰੀਬ ਆਧੁਨਿਕ ਸਹੂਲਤਾਂ ਨਾਲ ਲੈਸ ਨਵੇਂ ਮਕਾਨ ਬਣਾਏ ਜਾਣ, ਬੀਬੀਐੱਮਬੀ ਦੇ ਕੋਟੇ ਵਿੱਚੋਂ ਜੇਈ ਤੋਂ ਐੱਸਡੀਓ ਤੇ ਐੱਸਡੀਓ ਤੋਂ ਐਕਸੀਅਨ ਪ੍ਰਮੋਟ ਕੀਤੇ ਜਾਣ, ਡਰਾਈਵਰਾਂ ਤੇ ਦਰਜਾ ਚਾਰ ਮੁਲਾਜ਼ਮਾਂ ਜਿਨ੍ਹਾਂ ਨੂੰ ਨਵੇਂ ਸਕੇਲ ’ਚ ਕੋਈ ਲਾਭ ਨਹੀਂ ਹੋਇਆ, ਨੂੰ ਇੱਕ ਸਪੈਸ਼ਲ ਇਨਕ੍ਰੀਮੈਂਟ ਦਾ ਲਾਭ ਦਿੱਤਾ ਜਾਵੇ, ਪਹਿਲੀ ਜਨਵਰੀ 2016 ਤੋਂ ਬਾਅਦ ਭਰਤੀ ਨਵੇਂ ਮੁਲਾਜ਼ਮਾਂ 15ਫੀਸਦੀ ਲਾਭ ਦਿੱਤਾ ਜਾਵੇ, ਮੁਲਾਜ਼ਮਾਂ ਨੂੰ ਡਬਲ ਕੁਆਟਰ ਅਲਾਟ ਕੀਤੇ ਜਾਣ, ਆਧੁਨਿਕ ਆਫ਼ਿਸ ਕੰਪਲੈਕਸ ਦਾ ਨਿਰਮਾਣ ਕਰਨ ਆਦਿ ਤੋਂ ਜਾਣੂ ਕਰਵਾਇਆ। ਪ੍ਰਧਾਨ ਵਿਜੈ ਕੁਮਾਰ ਠਾਕੁਰ ਨੇ ਦੱਸਿਆ ਕਿ ਤਿੰਨ ਮੈਂਬਰੀ ਬੋਰਡ ਟੀਮ ਨੇ ਜਥੇਬੰਦੀ ਦੀਆਂ ਮੰਗਾਂ ਨਾਲ ਸਹਿਮਤੀ ਪ੍ਰਗਟਾਈ ਤੇ ਜਲਦ ਪੂਰਾ ਕਰਨ ਦਾ ਭਰੋਸਾ ਦਿੱਤਾ। ਜਥੇਬੰਦੀ ਆਗੂਆਂ ਨੇ ਤਿਉਹਾਰ ਪੇਸ਼ਗੀ ਰਾਸ਼ੀ ਤੇ ਮੋਬਾਈਲ ਭੱਤੇ ਦਾ ਬਕਾਇਆ ਦਿਵਾਲੀ ਤੋਂ ਪਹਿਲਾਂ ਕਰਮਚਾਰੀਆਂ ਦੇ ਖਾਤੇ ’ਚ ਪਾਉਣ ਦੀ ਵੀ ਅਪੀਲ ਕੀਤੀ। ਇਸ ਮੌਕ ਵਫ਼ਦ ਦੇ ਮੈਂਬਰ ਪਰਮਿੰਦਰ ਸਿੰਘ, ਦੇਸ ਰਾਜ ਠਾਕੁਰ, ਪੂਰਣ ਚੰਦ, ਹਰੀ ਸਿੰਘ ਤੋਂ ਇਲਾਵਾ ਇੰਜਨਿਅਰ ਸੁਰੇਸ਼ ਮਾਨ, ਇੰਜ ਅਜੈ ਭਾਰਦਵਾਜ, ਇੰਜ ਸਤਨਾਮ ਸਿੰਘ ਆਦਿ ਹਾਜ਼ਰ ਸਨ।