ਹਤਿੰਦਰ ਮਹਿਤਾ
ਆਦਮਪੁਰ ਦੋਆਬਾ(ਜਲੰਧਰ), 28 ਅਕਤੂਬਰ
ਜਲੰਧਰ ਦੇ ਡੀਏਵੀਆਈਈਟੀ ਦੇ ਇਕ ਵਿਦਿਆਰਥੀ ਵੱਲੋਂ ਸਾਬਕਾ ਪ੍ਰਿੰਸੀਪਲ ਤੋਂ ਦੁਖੀ ਹੋ ਕੇ ਖੁਦਕਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਵਿਰੋਧ ਵਿੱਚ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਸਾਬਕਾ ਪ੍ਰਿੰਸੀਪਲ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ ਫਲਾਈਓਵਰ ’ਤੇ ਧਰਨਾ ਦੇ ਕੇ ਆਵਾਜਾਈ ਠੱਪ ਕੀਤੀ। ਬੀਸੀਏ ਸਾਲ ਦੂਜਾ ਦੇ ਵਿਦਿਆਰਥੀ ਸ਼ਿਵਮ ਚੌਹਾਨ ਵਾਸੀ ਬਾਬੂ ਲਾਭ ਸਿੰਘ ਨਗਰ ਦੀ ਮਾਤਾ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਕਾਲਜ ਦੇ ਮੈਦਾਨ ਵਿੱਚ ਕ੍ਰਿਕਟ ਦਾ ਮੈਚ ਚੱਲ ਰਿਹਾ ਸੀ ਤਾਂ ਉੱਥੇ ਦੋ ਧਿਰਾਂ ਵਿਚਾਲੇ ਲੜਾਈ ਹੋ ਗਈ। ਉਨ੍ਹਾਂ ਦੱਸਿਆ ਕਿ ਸ਼ਿਵਮ ਵੀ ਮੈਚ ਦੇਖਣ ਗਿਆ ਸੀ ਤਾਂ ਪਹਿਲਾਂ ਰਹਿ ਚੁੱਕੇ ਪ੍ਰਿੰਸੀਪਲ ਮਨੋਜ ਕੁਮਾਰ ਨੇ ਧੱਕੇ ਨਾਲ ਸ਼ਿਵਮ ਦਾ ਨਾਮ ਵੀ ਕੇਸ ਵਿੱਚ ਦਰਜ ਕਰਵਾ ਦਿੱਤਾ। ਕੇਸ ਵਿੱਚ ਨਾਮ ਆਉਣ ਕਾਰਨ ਸ਼ਿਵਮ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ ਅਤੇ ਅੱਜ ਸਵੇਰੇ ਉਸ ਨੇ ਜ਼ਹਿਰੀਲੀ ਦਵਾਈ ਪੀ ਲਈ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਵੀ ਸ਼ਿਵਮ ਨੇ ਮਨੋਜ ਕੁਮਾਰ ਤੋਂ ਦੁੱਖੀ ਹੋ ਕੇ ਖੁਦਕਸ਼ੀ ਕਰਨ ਦੀ ਗੱਲ ਕਹੀ ਸੀ। ਉਨ੍ਹਾਂ ਮੰਗ ਕੀਤੀ ਕਿ ਸਾਬਕਾ ਪ੍ਰਿੰਸੀਪਲ ’ਤੇ ਕਾਰਵਾਈ ਕੀਤੀ ਜਾਵੇ। ਥਾਣਾ ਡਿਵੀਜ਼ਨ ਨੰਬਰ-1 ਦੇ ਮੁਖੀ ਨੇ ਸਾਰੇ ਮਾਮਲੇ ਦੀ ਜਾਂਚ ਦਾ ਭਰੋਸਾ ਦਿੱਤਾ ਤਾਂ ਧਰਨਾਕਾਰੀਆਂ ਨੇ ਧਰਨਾ ਸਮਾਪਤ ਕਰ ਦਿੱਤਾ।