ਪੱਤਰ ਪ੍ਰੇਰਕ
ਪਠਾਨਕੋਟ, 5 ਅਕਤੂਬਰ
ਪਠਾਨਕੋਟ-ਚੰਬਾ ਨੈਸ਼ਨਲ ਹਾਈਵੇ ’ਤੇ ਬਘਾਰ ਵਿੱਚ ਸ਼ਿਵ ਮੰਦਰ ਕੋਲ ਮੋਟਰਸਾਈਕਲ ਸਲਿਪ ਹੋਣ ਨਾਲ ਇੱਕ ਸੈਨਿਕ ਦੀ ਮੌਤ ਹੋ ਗਈ ਜਦ ਕਿ ਉਸ ਦੇ ਪਿੱਛੇ ਬੈਠਾ ਦੂਸਰਾ ਸੈਨਿਕ ਜ਼ਖ਼ਮੀ ਹੋ ਗਿਆ। ਦੋਵੇਂ ਛੁੱਟੀ ਆਏ ਹੋਏ ਸਨ। ਮ੍ਰਿਤਕ ਦੀ ਪਛਾਣ ਗੁਲਸ਼ਨ ਕੁਮਾਰ (25) ਪੁੱਤਰ ਸਵਰਨ ਸਿੰਘ ਵਾਸੀ ਬਧਾਨੀ ਅਤੇ ਜ਼ਖ਼ਮੀ ਨੌਜਵਾਨ ਦਾ ਨਾਂ ਦਿਲਾਵਰ ਸਿੰਘ (25) ਪੁੱਤਰ ਸੁਰੇਸ਼ ਕੁਮਾਰ ਵਾਸੀ ਬਧਾਨੀ ਦੱਸਿਆ ਜਾ ਰਿਹਾ ਹੈ। ਇਹ ਦੋਨੋਂ ਨੌਜਵਾਨ ਅੱਜ ਕੱਲ੍ਹ ਆਪਣੇ ਘਰ ਛੁੱਟੀ ਤੇ ਆਏ ਹੋਏ ਸਨ ਅਤੇ ਇਨ੍ਹਾਂ ਨੇ ਛੁੱਟੀ ਕੱਟ ਕੇ ਵਾਪਸ ਆਪਣੀ ਯੂਨਿਟ ਵਿੱਚ ਜਾਣਾ ਸੀ। ਇਹ ਦੋਨੋਂ ਪਠਾਨਕੋਟ ਕੈਂਟ ਸਟੇਸ਼ਨ ’ਤੇ ਰੇਲ ਗੱਡੀ ਦਾ ਪਤਾ ਕਰਨ ਲਈ ਆਏ ਹੋਏ ਸਨ। ਜਦ ਉਹ ਆਪਣੇ ਮੋਟਰਸਾਈਕਲ ਤੇ ਪਠਾਨਕੋਟ ਤੋਂ ਆਪਣੇ ਘਰ ਬਧਾਨੀ ਵਾਪਸ ਜਾ ਰਹੇ ਸਨ ਤਾਂ ਬਘਾਰ ਪਿੰਡ ਕੋਲ ਉਨ੍ਹਾਂ ਦਾ ਮੋਟਰਸਾਈਕਲ ਸਲਿਪ ਹੋ ਗਿਆ ਅਤੇ ਮੋਟਰਸਾਈਕਲ ਚਲਾ ਰਹੇ ਗੁਲਸ਼ਨ ਕੁਮਾਰ ਦਾ ਸਿਰ ਪੱਥਰ ਨਾਲ ਟਕਰਾ ਗਿਆ ਜਿਸ ਨਾਲ ਉਸ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਪਿੱਛੇ ਬੈਠਾ ਦਿਲਾਵਰ ਸਿੰਘ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਪਠਾਨਕੋਟ ਦੇ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕ ਗੁਲਸ਼ਨ ਕੁਮਾਰ ਦੇ ਜੀਜਾ ਸੁਨੀਲ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਥਾਣਾ ਮਾਮੂਨ ਦੀ ਪੁਲੀਸ ਨੇ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ।
ਕੈਪਸ਼ਨ: ਮ੍ਰਿਤਕ ਗੁਲਸ਼ਨ ਕੁਮਾਰ ਦੀ ਫਾਈਲ ਫੋਟੋ।