ਹਤਿੰਦਰ ਮਹਿਤਾ
ਆਦਮਪੁਰ ਦੋਆਬਾ, 14 ਜੁਲਾਈ
ਜਲੰਧਰ ਦੇ ਇੱਕ ਨਿੱਜੀ ਸਕੂਲ ਦੀ ਬੱਸ ਦੀ ਟਿੱਪਰ ਨਾਲ ਟੱਕਰ ਹੋ ਜਾਣ ਕਾਰਨ ਬੱਸ ਚਾਲਕ ਤੇ ਵਿਦਿਆਰਥੀ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਪਿੰਡ ਸਿੰਘਾ ਦੇ ਗੇਟ ਦੇ ਨੇੜੇ ਗਲਤ ਸਾਈਡ ਤੇਜ਼ ਰਫ਼ਤਾਰ ਨਾਲ ਆ ਰਹੀ ਮਾਨਵ ਸਹਿਯੋਗ ਸਕੂਲ ਦੀ ਬੱਸ ਨੇ ਟਿੱਪਰ ਵਿੱਚ ਟੱਕਰ ਮਾਰ ਦਿੱਤੀ ਜਿਸ ਕਾਰਨ ਬੱਸ ਵਿੱਚ ਬੈਠੇ ਵਿਦਿਆਰਥੀ ਨੇ ਰੌਲਾ ਪਾ ਦਿੱਤਾ। ਮੌਕੇ ’ਤੇ ਲੋਕਾਂ ਨੇ ਦੱਸਿਆ ਕਿ ਉਹ ਕਈ ਵਾਰ ਬੱਸ ਡਰਾਈਵਰ ਨੂੰ ਸਮਝਾ ਚੁੱਕੇ ਸਨ ਤੇ ਉਸ ਨੂੰ ਗਲਤ ਸਾਈਡ ਬੱਸ ਨਾ ਚਲਾਉਣ ਦੀ ਹਦਾਇਤ ਵੀ ਕੀਤੀ ਸੀ ਪਰ ਉਸ ਨੇ ਉਨ੍ਹਾਂ ਦੀ ਇੱਕ ਨਾ ਮੰਨੀ ਤੇ ਅੱਜ ਹਾਦਸਾ ਵਾਪਰ ਗਿਆ।
ਇਸ ਦੌਰਾਨ ਆਵਾਜਾਈ ਵਿੱਚ ਵੀ ਵਿਘਨ ਪਿਆ। ਪੁਲੀਸ ਨੇ ਆ ਕੇ ਬੱਸ ਨੂੰ ਸਾਈਡ ’ਤੇ ਕਰਵਾਇਆ ਤੇ ਆਵਾਜਾਈ ਚਾਲੂ ਕਰਵਾਈ। ਇਸ ਦੌਰਾਨ ਲਾਬੜਾ ਥਾਣਾ ਮੁਖੀ ਇੰਸਪੈਕਟਰ ਅਮਨ ਨੇ ਦੱਸਿਆ ਕਿ ਬੱਸ ਚਾਲਕ ਬੂਟਾ ਸਿੰਘ ਹਸਪਤਾਲ ਵਿੱਚ ਇਲਾਜ ਅਧੀਨ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਇੱਕ ਵਿਦਿਆਰਥਣ ਨੂੰ ਵੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਤੇ ਬਾਕੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮਾਤਾ ਪਿਤਾ ਘਟਨਾ ਵਾਲੀ ਥਾਂ ਤੋਂ ਲੈ ਗਏ।