ਪਾਲ ਸਿੰਘ ਨੌਲੀ
ਜਲੰਧਰ, 23 ਜਨਵਰੀ
ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਮਰਹੂਮ ਕਾਮਰੇਡ ਗੰਧਰਵ ਸੈਨ ਕੋਛੜ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਹਾੜੇ ਮੌਕੇ ਹਰੀ ਹਰ ਮੰਦਰ ਦੇ ਹਾਲ ਨੂਰਮਹਿਲ ਵਿਚ ਯਾਦਗਾਰੀ ਸਮਾਗਮ ਕੀਤਾ ਗਿਆ। ਇਸ ਮੌਕੇ ਨੌਜਵਾਨਾਂ ਨੂੰ ਉਚੇਰੀ ਪਰਵਾਜ਼ ਭਰਨ ਦਾ ਸੁਨੇਹਾ ਦਿੱਤਾ ਗਿਆ। ਸਮਾਗਮ ਦਾ ਆਗਾਜ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਮਹਿਲ ਦੀ ਪ੍ਰਿੰਸੀਪਲ ਰੀਨਾ ਸਹਿਜਪਾਲ ਦੇ ਸ਼ੁਰੂਆਤੀ ਸ਼ਬਦਾਂ ਨਾਲ ਹੋਇਆ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਲਾਇਬ੍ਰੇਰੀ ਕਮੇਟੀ ਦੇ ਕਨਵੀਨਰ ਸੁਰਿੰਦਰ ਕੁਮਾਰੀ ਕੋਛੜ ਨੇ ਕਾਮਰੇਡ ਗੰਧਰਵ ਸੈਨ ਕੋਛੜ ਦੇ ਸੰਗਰਾਮੀ ਜੀਵਨ ਉਪਰ ਝਾਤ ਪਵਾਈ। ਉਨ੍ਹਾਂ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਤੇ ਸਨਅਤੀ ਕਾਮਿਆਂ ਵਿਰੁੱਧ ਬਣੇ ਤਾਜ਼ਾ ਕਾਨੂੰਨਾਂ ਨੂੰ ਵੀ ਰੱਦ ਕਰਨ ਦੀ ਮੰਗ ਕੀਤੀ।
ਇਸ ਸਮਾਗਮ ’ਚ ਧਰਮਿੰਦਰ ਮਸਾਣੀ, ਨਰਗਿਸ ਨਗਰ, ਸੁਪਰੀਤ ਰਾਏਪੁਰ ਡੱਬਾ, ਕੁਲਦੀਪ ਜਲੂਰ, ਰਵਿੰਦਰ, ਦੀਪਕ (ਪੰਜਾਬੀ ਯੂਨੀਵਰਸਿਟੀ ਪਟਿਆਲਾ), ਕਿਰਨ, ਕੋਮਲ ਅਤੇ ਸਮ੍ਰਿਤੀ (ਨੂਰਮਹਿਲ) ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ।
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਸਾਂਝੇ ਕਿਸਾਨ ਮੋਰਚੇ ਨਾਲ ਸਬੰਧਤ ਜਥੇਬੰਦੀਆਂ ਨੇ ਸੁਭਾਸ਼ ਚੰਦਰ ਬੋਸ ਦੇ ਜਨਮ ਦਿਹਾੜੇ ਨੂੰ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕੀਤਾ। ਇਸ ਸਬੰਧੀ ਸਥਾਨਕ ਗੋਲਡਨ ਗੇਟ ’ਤੇ ਵੱਖ ਵੱਖ ਜਥੇਬੰਦੀਆਂ ਵਲੋਂ ਰੈਲੀ ਕੀਤੀ ਗਈ ਤੇ ਕਿਸਾਨਾਂ ਦਾ ਜਥਾ ਦਿੱਲੀ ਮੋਰਚੇ ਲਈ ਰਵਾਨਾ ਹੋਇਆ। ਮੁੱਖ ਬੁਲਾਰੇ ਪ੍ਰੋ. ਏਐੱਸ ਸਿੱਧੂ ਨੇ ਸੁਭਾਸ਼ ਚੰਦਰ ਬੋਸ ਵਲੋਂ ਦੇਸ਼ ਦੀ ਆਜ਼ਾਦੀ ਵਿਚ ਨਿਭਾਏ ਰੋਲ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਦੌਰਾਨ 140 ਤੋਂ ਵਧ ਕਿਸਾਨਾਂ ਦੀ ਜਾਨ ਜਾ ਚੁੱਕੀ ਹੈ ਤੇ ਕਿਸਾਨ ਜਥੇਬੰਦੀਆਂ ਦ੍ਰਿੜਤਾ ਨਾਲ ਦਿੱਲੀ ਦੀਆਂ ਬਰੂਹਾਂ ’ਤੇ ਡਟੀਆਂ ਹੋਈਆਂ ਹਨ। ਇਸ ਮੌਕੇ ਰਤਨ ਸਿੰਘ ਰੰਧਾਵਾ, ਬਲਦੇਵ ਸਿੰਘ, ਬਲਵਿੰਦਰ ਸਿੰਘ ਝਬਾਲ, ਪ੍ਰਕਾਸ਼ ਸਿੰਘ, ਬਲਕਾਰ ਸਿੰਘ, ਸ਼ੀਤਲ ਸਿੰਘ ਨੇ ਵੀ ਸੰਬੋਧਨ ਕੀਤਾ। ਸਮੂਹ ਬੁਲਾਰਿਆਂ ਨੇ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ’ਤੇ ਕਿਸਾਨੀ ਅੰਦੋਲਨ ਨੂੰ ਸਫਲ ਕਰਨ ਲਈ ਅਹਿਦ ਲਿਆ।