ਪੱਤਰ ਪ੍ਰੇਰਕ
ਹੁਸ਼ਿਆਰਪੁਰ, 11 ਅਕਤੂਬਰ
ਸਦਰ ਪੁਲੀਸ ਨੇ ਟਾਵਰਾਂ ਦੀਆਂ ਬੈਟਰੀਆਂ ਚੋਰੀ ਕਰਨ ਵਾਲੇ ਗਰੋਹ ਦੇ ਇਕ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਹੈ ਜਦੋਂਕਿ ਤਿੰਨ ਚੋਰ ਮੌਕੇ ਤੋਂ ਭੱਜਣ ’ਚ ਕਾਮਯਾਬ ਹੋ ਗਏ। ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਮਨਵਿੰਦਰ ਸਿੰਘ ਉਰਫ਼ ਮਨੂ ਵਾਸੀ ਸਾਹਰੀ ਵਜੋਂ ਹੋਈ ਹੈ। ਪੁਲੀਸ ਕੋਲ ਕੀਤੀ ਸ਼ਿਕਾਇਤ ਵਿੱਚ ਦਲਵੀਰ ਸਿੰਘ ਪੁੱਤਰ ਸੂਰਤ ਸਿੰਘ ਵਾਸੀ ਪਤਿਆਲ ਜ਼ਿਲ੍ਹਾ ਜਲੰਧਰ ਜੋ ਇੰਡਸਟਾਵਰਜ਼ ਕੰਪਨੀ ਦੇ ਜ਼ਿਲ੍ਹਾ ਹੁਸ਼ਿਆਰਪੁਰ ’ਚ ਲੱਗੇ ਟਾਵਰਾਂ ਦਾ ਸਕਿਉਰਿਟੀ ਸੁਪਵਾਈਜ਼ਰ ਹੈ, ਨੇ ਦੱਸਿਆ ਕਿ ਜਦੋਂ ਉਸ ਨੂੰ ਪਤਾ ਲੱਗਿਆ ਕਿ ਪਿੰਡ ਮਹਿਲਾਂਵਾਲੀ ਵਿੱਚ ਲੱਗੇ ਟਾਵਰ ਨਾਲ ਕਿਸੇ ਨੇ ਛੇੜਛਾੜ ਕੀਤੀ ਹੈ ਤਾਂ ਉਹ ਤੇ ਉਸ ਦਾ ਸਾਥੀ ਗੁਰਵਿੰਦਰ ਸਿੰਘ ਮੌਕੇ ’ਤੇ ਪਹੁੰਚੇ। ਉੱਥੇ ਮੌਜੂਦ ਇਕ ਵਿਅਕਤੀ ਉਨ੍ਹਾਂ ਨੂੰ ਦੇਖ ਕੇ ਆਪਣੀ ਆਲਟੋ ਕਾਰ (ਪੀ.ਬੀ-07-ਬੀ.ਡੀ-0503) ਨੂੰ ਲੈ ਕੇ ਮੌਕੇ ਤੋਂ ਭੱਜਣ ਲੱਗਿਆ ਪਰ ਉਨ੍ਹਾਂ ਨੇ ਉਸ ਨੂੰ ਕਾਬੂ ਕਰ ਲਿਆ। ਜਦੋਂ ਉਨ੍ਹਾਂ ਜਾਂਚ ਕੀਤੀ ਤਾਂ ਕਮਰੇ ਅੰਦਰੋਂ 15 ਬੈਟਰੀਆਂ ਗਾਇਬ ਸਨ।
ਕਾਬੂ ਕੀਤੇ ਮੁਲਜ਼ਮ ਨੇ ਪੁੱਛਗਿੱਛ ਕਰਨ ’ਤੇ ਦੱਸਿਆ ਕਿ ਉਹ ਤੇ ਉਸ ਦੇ ਤਿੰਨ ਹੋਰ ਸਾਥੀ ਬੈਟਰੀਆਂ ਚੋਰੀ ਕਰਨ ਆਏ ਸਨ। ਉਸ ਨੇ ਦੱਸਿਆ ਕਿ ਉਸ ਦੇ ਸਾਥੀ ਬੈਟਰੀਆਂ ਚੋਰੀ ਕਰਕੇ ਫ਼ਰਾਰ ਹੋ ਗਏ ਹਨ। ਦਲਵੀਰ ਸਿੰਘ ਦੀ ਸ਼ਿਕਾਇਤ ’ਤੇ ਸਦਰ ਪੁਲੀਸ ਨੇ ਮਨਵਿੰਦਰ ਸਿੰਘ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਧਾਰਾ 457/380 ਆਈ.ਪੀ.ਸੀ ਤਹਿਤ ਕੇਸ ਦਰਜ ਕੀਤਾ ਹੈ।