ਹਰਪ੍ਰੀਤ ਕੌਰ
ਹੁਸ਼ਿਆਰਪੁਰ, 25 ਜੁਲਾਈ
ਕਾਲਾ ਬਾਗ ਭੂੰਗਾ ਵਿੱਚ ਦੂਜਾ ਡਾ. ਮਹਿੰਦਰ ਸਿੰਘ ਰੰਧਾਵਾ ਅੰਬ ਚੂਪ ਮੇਲਾ ਕਰਵਾਇਆ ਗਿਆ। ਖੇਤੀ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੇਲੇ ਵਿੱਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੰਤਰੀ ਧਾਲੀਵਾਲ ਨੇ ਕਿਹਾ ਕਿ ਬਾਗ਼ਬਾਨੀ ਨੂੰ ਹੁਲਾਰਾ ਦੇਣ ਲਈ ਸੂਬੇ ਵਿੱਚ ਵੱਖ-ਵੱਖ ਥਾਵਾਂ ’ਤੇ ਰਵਾਇਤੀ ਫ਼ਲਾਂ ਦੇ ਮੇਲੇ ਲਗਾਏ ਜਾਣਗੇ।
ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਵਿਖੇ ਅੰਬ, ਅਬੋਹਰ ਵਿਖੇ ਕਿੰਨੂ ਤੇ ਪਠਾਨਕੋਟ ਵਿੱਚ ਲੀਚੀ ਦਾ ਮੇਲਾ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਦੀ ਖੇਤੀਬਾੜੀ ਗੰਭੀਰ ਸੰਕਟ ਵਿਚ ਹੈ। ਇਸ ਵਿਚੋਂ ਕੱਢਣ ਲਈ ਵੱਡੇ ਕਦਮ ਚੁੱਕਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿਚੋਂ ਕੱਢਣ ਅਤੇ ਫ਼ਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ ਫ਼ਲਾਂ ਦੇ ਬਾਗ਼ ਜ਼ਰੂਰੀ ਹਨ। ਇਹ ਮੇਲਾ ਪੰਜਾਬ ਲੋਕ ਵਿਰਾਸਤ ਅਕਾਦਮੀ ਤੇ ਬਾਬੂਸ਼ਾਹੀ ਡਾਟ ਕਾਮ ਵਲੋਂ ਸਾਂਝੇ ਤੌਰ ’ਤੇ ਕਰਵਾਇਆ ਗਿਆ। ਪੰਜਾਬ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਇਸ ਮੇਲੇ ਦਾ ਮਨੋਰਥ ਫ਼ਲਾਂ ਨੂੰ ਉਤਸ਼ਾਹਿਤ ਕਰਨ ਤੋਂ ਇਲਾਵਾ ਰਵਾਇਤੀ ਲੋਕ ਸੰਗੀਤ ਨੂੰ ਹੁਲਾਰਾ ਦੇਣਾ ਅਤੇ ਆਪਣੇ ਆਪ ਨੂੰ ਮਾਣਨਾ ਹੈ।
ਗਾਇਕ ਪਾਲੀ ਦੇਤਵਾਲੀਆ, ਸਾਰੰਗੀ ਵਾਦਕ ਨਵਜੋਤ ਸਿੰਘ ਮੰਡੇਰ ਤੇ ਸਾਥੀਆਂ ਨੇ ਲੋਕ ਸੰਗੀਤ ਦੀਆਂ ਵੰਨਗੀਆਂ ਨਾਲ ਸਰੋਤਿਆਂ ਨੂੰ ਨਿਹਾਲ ਕੀਤਾ। ਇਸ ਮੌਕੇ ਬਾਬੂਸ਼ਾਹੀ ਡਾਟ ਕਾਮ ਦੇ ਸੰਸਥਾਪਕ ਬਲਜੀਤ ਬੱਲੀ, ਵਿਧਾਇਕ ਜਸਬੀਰ ਸਿੰਘ ਰਾਜਾ ਗਿੱਲ, ਕਰਮਬੀਰ ਸਿੰਘ ਘੁੰਮਣ, ਡਿਪਟੀ ਕਮਿਸ਼ਨਰ ਸੰਦੀਪ ਹੰਸ, ਐੱਸ.ਐੱਸ.ਪੀ ਸਰਤਾਜ ਸਿੰਘ ਚਾਹਲ, ਐੱਸਡੀਐੱਮ ਹਰਬੰਸ ਸਿੰਘ, ਡਿਪਟੀ ਡਾਇਰੈਕਟਰ ਬਾਗ਼ਬਾਨੀ ਜਸਵਿੰਦਰ ਸਿੰਘ, ਡਾ. ਅਵਤਾਰ ਸਿੰਘ ਓਠੀ ਆਦਿ ਮੌਜੂਦ ਸਨ।