ਧਿਆਨ ਸਿੰਘ ਭਗਤ
ਕਪੂਰਥਲਾ, 14 ਸਤੰਬਰ
ਪੈਸਿਆਂ ਦੇ ਲੈਣ-ਦੇਣ ਕਾਰਨ ਸਰਕੂਲਰ ਰੋਡ ’ਤੇ ਸਥਿਤ ਜਾਮਾ ਮਸਜਿਦ ਕੰਪਲੈਕਸ ਦੇ ਸੈਮਸੰਗ ਸਰਵਿਸ ਸਟੇਸ਼ਨ ਦੇ ਮਾਲਕ ਅਤੇ ਹੋਰ ਵਿਅਕਤੀਆਂ ਦਰਮਿਆਨ ਹੋਏ ਝਗੜੇ ਦੌਰਾਨ ਮਾਲਕ ਨੇ ਸਵੈ-ਰੱਖਿਆ ਵਿੱਚ ਗੋਲੀਆਂ ਚਲਾ ਦਿੱਤੀਆਂ ਜਿਸ ਦੌਰਾਨ ਇੱਕ ਵਿਅਕਤੀ ਜ਼ਖਮੀ ਹੋ ਗਿਆ। ਘਟਨਾ ਦੀ ਖ਼ਬਰ ਮਿਲਦੇ ਹੀ ਡੀਐੱਸਪੀ ਸ਼ਹਬਿਾਜ਼ ਸਿੰਘ ਪੁਲੀਸ ਪਾਰਟੀ ਨਾਲ ਮੌਕੇ ’ਤੇ ਪੁੱਜੇ ਤੇ ਜਾਂਚ ਸ਼ੁਰੂ ਕੀਤੀ। ਮਾਲਕ ਮਨਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਲੁਧਿਆਣਾ ਵਾਸੀ ਇੱਕ ਵਿਅਕਤੀ ਕੋਲੋਂ ਕਾਰੋਬਾਰ ਦੇ ਹਿਸਾਬ ਨਾਲ ਲਗਭਗ ਸਾਢੇ ਅੱਠ ਲੱਖ ਰੁਪਏ ਲੈਣੇ ਹਨ ਜਿਸ ਕਾਰਨ ਅੱਜ ਦੁਪਹਿਰ ਉਹ ਆਪਣੇ ਸਾਥੀਆਂ ਨਾਲ ਉਸ ਦੇ ਸਰਵਿਸ ਸਟੇਸ਼ਨ ’ਤੇ ਆਇਆ। ਉਸ ਨੇ ਦੋਸ਼ ਲਾਇਆ ਕਿ ਉਸ ਨੇ ਵਰਕਸ਼ਾਪ ਵਿੱਚ ਭੰਨ-ਤੋੜ ਸ਼ੁਰੂ ਕਰ ਦਿੱਤੀ ਜਿਸ ਦੌਰਾਨ ਉਸ ਦਾ ਤਕਨੀਸ਼ੀਅਨ ਜ਼ਖਮੀ ਹੋ ਗਿਆ ਤੇ ਕੁਝ ਮੋਬਾਈਲ ਟੁੱਟ ਗਏ। ਮਨਜੀਤ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਉਸ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਉਸ ਦੇ ਪੈਰਾਂ ’ਤੇ ਚਾਰ ਫਾਇਰ ਕੀਤੇ ਜੋ ਮਿਸ ਹੋ ਗਏ। ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਦੀ ਉਸ ਵਿਅਕਤੀ ਨਾਲ ਹੱਥੋ-ਪਾਈ ਹੋ ਗਈ ਤੇ ਉਹ ਉਸ ਨੂੰ ਧੱਕੇ ਨਾਲ ਖਿੱਚ ਕੇ ਹੇਠਾਂ ਲਿਜਾਣ ਲੱਗਾ। ਥੱਲੇ ਆ ਕੇ ਮਨਜੀਤ ਸਿੰਘ ਨੇ ਉਸ’ਤੇ ਇੱਕ ਹੋਰ ਫਾਇਰ ਕੀਤਾ ਜੋ ਉਸ ਦੀ ਬਾਂਹ ’ਤੇ ਲੱਗਾ। ਇਸ ਉਪਰੰਤ ਉਹ ਆਪਣੇ ਸਾਥੀਆਂ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ।
ਦੂਜੇ ਪਾਸੇ ਡੀਐੱਸਪੀ ਸ਼ਹਬਿਾਜ਼ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਜਾਂਚ ਜਾਰੀ ਹੈ। ਸੈਂਟਰ ਮਾਲਕ ਅਤੇ ਸਟਾਫ਼ ਦੇ ਬਿਆਨ ਲਏ ਜਾ ਰਹੇ ਹਨ। ਦੂਜੇ ਪਾਸੇ ਜ਼ਖਮੀ ਦੇ ਕਪੂਰਥਲਾ ਦੇ ਕਿਸੇ ਵੀ ਹਸਪਤਾਲ ਵਿੱਚ ਭਰਤੀ ਹੋਣ ਦੀ ਖ਼ਬਰ ਨਹੀਂ ਮਿਲੀ।
ਗੋਲੀਆਂ ਮਾਰ ਕੇ ਦੁਕਾਨਦਾਰ ਜ਼ਖ਼ਮੀ
ਪੱਟੀ: ਇੱਥੇ ਅੱਜ ਸਵੇਰੇ 8 ਵਜੇ ਦੇ ਕਰੀਬ ਲਾਹੌਰ ਰੋਡ ’ਤੇ ਆਪਣੀ ਦੁਕਾਨ ਖੋਲ੍ਹ ਰਹੇ ਅਮਰੀਕ ਫਰਨੀਚਰ ਹਾਊਸ ਦੇ ਮਾਲਕ ਬਲਵਿੰਦਰ ਸਿੰਘ ਵਾਸੀ ਵਾਰਡ ਨੰਬਰ 6 ਪੱਟੀ ਨੂੰ ਕਾਰ ਸਵਾਰ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ ਤੇ ਮੌਕੇ ਤੋਂ ਫ਼ਰਾਰ ਹੋ ਗਏ। ਜ਼ਖ਼ਮੀ ਦੁਕਾਨਦਾਰ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਘਟਨਾ ਤੋਂ ਬਾਅਦ ਪੁਲੀਸ ਅਧਿਕਾਰੀ ਮੌਕੇ ’ਤੇ ਪੁੱਜੇ। ਥਾਣਾ ਸਿਟੀ ਪੱਟੀ ਦੇ ਅਧਿਕਾਰੀ ਨੇ ਦੱਸਿਆ ਕਿ ਘਟਨਾ ਸਬੰਧੀ ਇਰਾਦਾ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਜ਼ਖਮੀ ਵਿਅਕਤੀ ਦਾ ਦੁਕਾਨ ਦੇ ਕਬਜ਼ੇ ਨੂੰ ਲੈ ਕਿ ਕੁਝ ਵਿਅਕਤੀਆਂ ਨਾਲ ਕਥਿਤ ਝਗੜਾ ਚੱਲ ਰਿਹਾ ਸੀ ਜਿਸ ’ਤੇ ਪੁਲੀਸ ਨੇ ਸ਼ਹਿਰ ਨਾਲ ਸਬੰਧਤ ਦੋ ਜਣਿਆਂ ਨੂੰ ਹਿਰਾਸਤ ਵਿੱਚ ਲਿਆ ਹੈ ਪਰ ਪੁਲੀਸ ਅਧਿਕਾਰੀਆਂ ਵੱਲੋਂ ਕਿਸੇ ਨੂੰ ਹਿਰਾਸਤ ਵਿੱਚ ਲੈਣ ਸਬੰਧੀ ਪੁਸ਼ਟੀ ਨਹੀਂ ਕੀਤੀ ਜਾ ਰਹੀ। -ਪੱਤਰ ਪ੍ਰੇਰਕ