ਪਾਲ ਸਿੰਘ ਨੌਲੀ
ਜਲੰਧਰ, 28 ਜੂਨ
ਇਥੋਂ ਥੋੜ੍ਹੀ ਦੂਰ ਪਿੰਡ ਸ਼ੇਖੇ ਵਿੱਚ ਕੈਮੀਕਲ ਫੈਕਟਰੀ ਨੂੰ ਅੱਗ ਲੱਗਣ ਨਾਲ ਫੈਕਟਰੀ ਸੜ ਕੇ ਸੁਆਹ ਹੋ ਗਈ। ਇਹ ਅੱਗ ਸ਼ਾਮੀਂ ਪੰਜ ਵਜੇ ਦੇ ਕਰੀਬ ਐੱਸਆਰਪੀ ਕੋਟਿੰਗ ਐਂਡ ਕੈਮੀਕਲ ਪ੍ਰਾਈਵੇਟ ਨੂੰ ਲੱਗੀ ਜਿਥੇ ਕਿ ਥਿੰਨਰ ਤਿਆਰ ਹੁੰਦਾ ਹੈ। ਅੱਗ ਲੱਗਣ ਬਾਅਦ ਧਮਾਕੇ ਦੂਰ ਦੂਰ ਤੱਕ ਸੁਣਾਈ ਦਿੱਤੇ।
ਫੈਕਟਰੀ ਅੰਦਰ ਪਏ ਥਿੰਨਰ ਦੇ ਡਰੱਮ ਇੱਕ-ਇੱਕ ਕਰਕੇ ਫਟਦੇ ਗਏ ਜਿਸ ਕਾਰਨ ਧਮਾਕੇ ਹੁੰਦੇ ਗਏ ਤੇ ਅੱਗ ਦੀਆਂ ਲਪਟਾਂ ਵੀ ਬੜੀ ਉੱਚੀ ਉੱਠੀਆਂ ਹੋਈਆਂ ਸਨ। ਹਾਲਾਂਕਿ ਕਿਸੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਪਰ ਅੱਗ ਲੱਗਣ ਨਾਲ ਆਲੇ ਦੁਆਲੇ ਦਹਿਸ਼ਤ ਏਨੀ ਫੈਲ ਗਈ ਕਿ ਹੋਰ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਕਾਮੇ ਵੀ ਬਾਹਰ ਨਿਕਲ ਕੇ ਦੌੜਨ ਲੱਗੇ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਅਨੁਸਾਰ ਅੱਗ ਬੁਝਾਉਣ ਨੂੰ ਦੋ ਘੰਟਿਆਂ ਤੋਂ ਵੱਧ ਦਾ ਸਮਾਂ ਲੱਗਾ ਤੇ ਅੱਠ ਗੱਡੀਆਂ ਲਗਾਤਾਰ ਅੱਗ ਬੁਝਾਉਣ ਲਈ ਜੱਦੋ-ਜਹਿਦ ਕਰਦੀਆਂ ਰਹੀਆਂ।