ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 12 ਸਤੰਬਰ
ਇੱਥੇ ਫਰਨੀਚਰ ਦੇ ਸ਼ੋਅਰੂਮ ਨੂੰ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਤਿਆਰ ਫਰਨੀਚਰ ਸੜ ਕੇ ਸੁਆਹ ਹੋ ਗਿਆ। ਅੱਗ ’ਤੇ ਕਾਬੂ ਪਾਉਣ ਲਈ ਫਾਇਰ ਸਟੇਸ਼ਨ ਕਰਤਾਰਪੁਰ ਤੋਂ ਇਲਾਵਾ ਜਲੰਧਰ ਅਤੇ ਕਪੂਰਥਲਾ ਤੋਂ ਅਮਲੇ ਸਮੇਤ ਗੱਡੀਆਂ ਪਹੁੰਚੀਆਂ।
ਫਰਨੀਚਰ ਕਾਰੋਬਾਰੀ ਕਮਲਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਤੋਂ ਹੀ ਬਿਜਲੀ ਦੀ ਸਪਲਾਈ ਦੀ ਸਮੱਸਿਆ ਆ ਰਹੀ ਸੀ। ਇਸ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਹੋਣ ਨਾਲ ਅੱਗ ਲੱਗਣ ਨਾਲ ਸ਼ੋਅਰੂਮ ਵਿੱਚ ਪਿਆ ਸਾਰਾ ਫ਼ਰਨੀਚਰ ਸੜ ਗਿਆ ਜਿਸ ਕਾਰਨ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਅੱਗ ਇੰਨੀ ਭਿਆਨਕ ਸੀ ਕਿ ਫਰਨੀਚਰ ਅਤੇ ਉੱਥੇ ਪਏ ਜੈਨਰੇਟਰ ਫਰਿਜ ਐੱਲਸੀਡੀ ਅਤੇ ਸੁਰੱਖਿਆ ਲਈ ਲੱਗੇ ਕੈਮਰੇ ਡੀਵੀਆਰ ਅਤੇ ਕੰਪਿਊਟਰ ਸੜਨ ਤੋਂ ਇਲਾਵਾ ਬਿਲਡਿੰਗ ਵੀ ਨੁਕਸਾਨੀ ਗਈ ਹੈ। ਇਸ ਸਬੰਧੀ ਸਟੇਸ਼ਨ ਫਾਇਰ ਅਫ਼ਸਰ ਕਰਤਾਰਪੁਰ ਜਤਿੰਦਰ ਕੁਮਾਰ ਨੇ ਦੱਸਿਆ ਕਿ ਅੱਗ ’ਤੇ ਕਾਬੂ ਪਾਉਣ ਲਈ ਸਟਾਫ ਨੇ ਸ਼ੋਅਰੂਮ ਦੀ ਪਿਛਲੀ ਕੰਧ ਤੋੜ ਕੇ ਅੰਦਰ ਪਾਈਪਾਂ ਰਾਹੀਂ ਪਾਣੀ ਪਾ ਕੇ ਅੱਗ ਬੁਝਾਉਣ ਲਈ ਪੂਰੀ ਮੁਸ਼ੱਕਤ ਕੀਤੀ।