ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 14 ਅਗਸਤ
ਪਿੰਡ ਦਿਆਲਾਂ ਦੀਆਂ ਔਰਤਾਂ ਅਤੇ ਨੌਜਵਾਨ ਮੁਟਿਆਰਾਂ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਦੇ ਵਿਹੜੇ ਵਿੱਚ ਦਿਆਲ ਸਪੋਰਟਸ ਅਤੇ ਵੈੱਲਫੇਅਰ ਕਲੱਬ ਦੇ ਸਹਿਯੋਗ ਨਾਲ ਕਿਸਾਨੀ ਅੰਦੋਲਨ ਦੇ ਰੰਗ ਵਿੱਚ ਰੰਗਿਆ ਤੀਆਂ ਦਾ ਤਿਉਹਾਰ ਉਤਸ਼ਾਹਪੂਰਵਕ ਮਨਾਇਆ ਗਿਆ। ਬਲਜਿੰਦਰ ਕੌਰ, ਸਰਬਜੀਤ ਕੌਰ ਢਿੱਲੋਂ, ਦੇਵਿੰਦਰ ਕੌਰ ਦਿਆਲ, ਮਨਦੀਪ ਕੌਰ, ਮਨਪ੍ਰੀਤ ਕੌਰ, ਸੁਖਵਿੰਦਰ ਕੌਰ, ਨਿੱਕੀ, ਨਵਜੀਤ ਕੌਰ, ਰਾਜਵੀਰ ਕੌਰ, ਕਮਲਪ੍ਰੀਤ ਕੌਰ, ਹਰਨੀਤ ਕੌਰ ਇਟਲੀ, ਰਾਜਵਿੰਦਰ ਕੌਰ ਯੂਐੱਸਏ, ਜੈਸਮੀਨ ਕੌਰ ਆਦਿ ਮੁਟਿਆਰਾਂ ਨੇ ਸ਼ਮ੍ਹਾ ਰੌਸ਼ਨ ਕਰਕੇ ਪ੍ਰੋਗਰਾਮ ਦਾ ਆਗਾਜ਼ ਕੀਤਾ। ਇਸ ਮੌਕੇ ਪਿੰਡ ਦੀਆਂ ਮੁਟਿਆਰਾਂ ਅਤੇ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਜਿੱਥੇ ਪੰਜਾਬਣਾਂ ਦੇ ਮਸ਼ਹੂਰ ਲੋਕ ਨਾਚ ਗਿੱਧੇ ਦੀਆਂ ਧਮਾਲਾਂ ਪਾਈਆਂ ਗਈਆਂ, ਉੱਥੇ ਕਿਸਾਨੀ ਅੰਦੋਲਨ ਨਾਲ ਸਬੰਧਤ ਬੋਲੀਆਂ ਪਾ ਕੇ ਮੋਦੀ ਸਰਕਾਰ ਨੂੰ ਖੂਬ ਲਾਹਨਤਾਂ ਪਾਈਆਂ। ਗਿੱਧੇ ਦੇ ਨਾਲ-ਨਾਲ ਚਰਖਾ ਕੱਤਣ, ਦੁੱਧ ਛੋਲਣ, ਪੀਂਘ ਝੂਟਣ, ਮਹਿੰਦੀ ਲਗਾਉਣ ਅਤੇ ਪੰਜਾਬੀ ਵਿਰਸੇ ਨੂੰ ਸਮਰਪਿਤ ਹੋਰ ਪੇਸ਼ਕਾਰੀਆਂ ਬਾਖੂਬੀ ਕੀਤੀਆਂ। ਬਲਜਿੰਦਰ ਕੌਰ ਨੇ ਸਹਿਯੋਗੀਆਂ ਤੇ ਮੁਟਿਆਰਾਂ ਦਾ ਧੰਨਵਾਦ ਕੀਤਾ ਅਤੇ ਸਨਮਾਨਿਤ ਕੀਤਾ।