ਦੀਵਾਲੀ ਤੱਕ ਮੰਗਾਂ ਨਾ ਮੰਨਣ ’ਤੇ ਤਿੱਖੇ ਸੰਘਰਸ਼ ਦੀ ਚੇਤਾਵਨੀ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 17 ਅਕਤੂਬਰ
ਸਰਵ ਸਿਖਿਆ ਅਭਿਆਨ ਮਿੱਡ-ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਜਲੰਧਰ ਦੇ ਵਫਦ ਨੇ ਸਿੱਖਿਆ ਮੰਤਰੀ ਪਰਗਟ ਸਿੰਘ ਨਾਲ ਦੂਜੀ ਵਾਰ ਮੀਟਿੰਗ ਕੀਤੀ ਅਤੇ ਕਰਮਚਾਰੀਆਂ ਨੂੰ ਪੱਕਿਆਂ ਕਰਨ ਦੀ ਮੰਗ ਕੀਤੀ। ਜੱਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਹੁੰਦਿਆ ਉਹ ਚੌਥੇ ਸਿੱਖਿਆ ਮੰਤਰੀ ਕੋਲ ਆਪਣੀਆਂ ਮੰਗਾਂ ਲੈਕੇ ਆ ਰਹੇ ਹਨ ਪਰ ਹਰ ਮੰਤਰੀ ਨੇ ਸਿਵਾਏ ਲਾਰਿਆਂ ਤੇ ਭਰੋਸਿਆਂ ਤੋਂ ਇਲਾਵਾ ਉਨ੍ਹਾਂ ਦੇ ਪੱਲ੍ਹੇ ਕੁਝ ਨਹੀਂ ਪਾਇਆ। ਜੱਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਅਸ਼ੀਸ਼ ਜੁਲਾਹਾ ਨੇ ਜੱਥੇਬੰਦੀ ਵੱਲੋਂ ਚੇਤਾਵਨੀ ਦਿੰਦਿਆ ਕਿਹਾ ਕਿ ਜੇ ਦੀਵਾਲੀ ਤੱਕ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਹਰ ਪਲੈਟਫਾਰਮ ਤੋਂ ਕਾਂਗਰਸ ਸਰਕਾਰ ਦਾ ਵਿਰੋਧ ਕਰਨਗੇ।
ਉਨ੍ਹਾਂ ਦੱਸਿਆ ਕਿ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਵਫਦ ਨੂੰ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਹੈ। ਤਿੰਨ ਮੰਗਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ 1200 ਮੁਲਾਜ਼ਮਾਂ ਨੂੰ ਪੱਕਿਆ ਕਰਨਾ, ਤਨਖਾਹ ਵਿੱਚ ਕੀਤੀ ਜਾ ਰਹੀ ਕਟੌਤੀ ਨੂੰ ਵਾਪਸ ਲੈਣ ਤੇ ਦੂਰ-ਦੁਰਾਡੇ ਕੀਤੀਆਂ ਬਦਲੀਆਂ ਰੱਦ ਕਰਨੀਆਂ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਸਾਲ 2018 ਵਿੱਚ 8800 ਟੀਚਰਾਂ ਨੂੰ ਪੱਕਿਆ ਕੀਤਾ ਗਿਆ ਸੀ ਪਰ ਦਫਤਰਾਂ ਵਿੱਚ ਕੰਮ ਕਰਦੇ 1200 ਮੁਲਜ਼ਮਾਂ ਨੂੰ ਪੱਕਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਦਫਤਰੀ ਅਮਲੇ ਨੂੰ ਰੈਗੂਲਰ ਕਰਨ ਦੀ ਪ੍ਰਵਾਨਗੀ ਵਿੱਤ ਵਿਭਾਗ ਨੇ 2019 ਵਿੱਚ ਦੇ ਦਿੱਤੀ ਸੀ ਪਰ ਹਾਲੇ ਤੱਕ ਉਹ ਫਾਇਲ ਮੰਤਰੀ ਮੰਡਲ ਵਿੱਚ ਮਨਜ਼ੂਰੀ ਲਈ ਨਹੀਂ ਭੇਜੀ ਗਈ। ਉਨ੍ਹਾਂ ਸਿੱਖਿਆ ਮੰਤਰੀ ਪਰਗਟ ਸਿੰਘ ਨੂੰ ਯਾਦ ਕਰਵਾਇਆ ਕਿ ਸਿੱਖਿਆ ਵਿਭਾਗ ਵੱਲੋਂ ਕੁਝ ਮੁਲਾਜ਼ਮਾਂ ਨਾਲ ਤਨਖਾਹ ਵਿੱਚ ਵਿਤਕਰਾ ਕੀਤਾ ਜਾ ਰਿਹਾ ਹੈ ਤੇ ਜਿਹੜੇ ਮੁਲਾਜ਼ਮਾਂ ਦੀਆਂ ਬਦਲੀਆਂ ਦੂਰ-ਦੁਰਾਡੇ ਕੀਤੀਆਂ ਗਈਆਂ ਹਨ, ਉਹ ਰੱਦ ਕੀਤੀਆਂ ਜਾਣ।
ਵਫਦ ਵਿੱਚ ਜ਼ਿਲ੍ਹਾ ਪ੍ਰਧਾਨ ਸ਼ੋਬਿਤ ਭਗਤ, ਜ਼ਿਲ੍ਹਾ ਜਨਰਲ ਸਕੱਤਰ ਗਗਨ ਸਿਆਲ ਅਤੇ ਰਾਜੇਸ਼ ਕੁਮਾਰ ਸ਼ਾਮਲ ਸਨ।
ਹੁਣ ਤੱਕ ਚਾਰ ਸਿੱਖਿਆ ਮੰਤਰੀਆਂ ਨੂੰ ਮਿਲ ਚੁੱਕਾ ਹੈ ਵਫਦ
ਜੱਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਅਸ਼ੀਸ਼ ਜੁਲਾਹਾ ਨੇ ਦੱਸਿਆ ਕਿ ਜੱਥੇਬੰਦੀ ਹੁਣ ਤੱਕ ਜਿਹੜੇ ਚਾਰ ਸਿੱਖਿਆ ਮੰਤਰੀਆਂ ਨੂੰ ਮਿਲ ਚੁੱਕੀ ਹੈ ਉਨ੍ਹਾਂ ਵਿੱਚ ਅਰੁਣਾ ਚੌਧਰੀ, ਓਪੀ ਸੋਨੀ, ਵਿਜੈਇੰਦਰ ਸਿੰਗਲਾ ਅਤੇ ਪਰਗਟ ਸਿੰਘ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਹੱਕਾਂ ਵਾਸਤੇ ਲੜਨ ਅਤੇ ਸੰਘਰਸ਼ ਕਰਨ ਤੋਂ ਸਿਵਾਏ ਹੋਰ ਕੋਈ ਰਾਹ ਨਹੀਂ ਬਚਿਆ। ਜੱਥੇਬੰਦੀ ਨੇ ਚੇਤਾਵਨੀ ਵੀ ਦਿੱਤੀ ਕਿ ਆਪਣੀਆਂ ਹੱਕੀ ਮੰਗਾਂ ਨੂੰ ਮਨਾਉਣ ਲਈ ਪੱਕਾ ਮੋਰਚਾ ਲਾਇਆ ਜਾਵੇਗਾ ਜਿਸ ਦਾ ਖਿਮਆਜ਼ਾ ਕਾਂਗਰਸ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ।
ਸਿੱਖਿਆ ਮੰਤਰੀ ਪਰਗਟ ਸਿੰਘ ਨਾਲ ਗੱਲਬਾਤ ਕਰਦੇ ਜੱਥੇਬੰਦੀ ਦੇ ਆਗੂ। -ਫੋਟੋ: ਪੰਜਾਬੀ ਟ੍ਰਿਬਿਊਨ