ਜਸਬੀਰ ਸਿੰਘ ਚਾਨਾ
ਫਗਵਾੜਾ, 22 ਸਤੰਬਰ
ਸਰਕਾਰੀ ਜਾਇਦਾਦ ਉੱਤੇ ਨਾਜਾਇਜ਼ ਕਬਜ਼ਾ ਕਰਨ ਸਬੰਧੀ ਨਗਰ ਨਿਗਮ ਵੱਲੋਂ ਲਗਾਈ ਸੀਲ ਤੋੜ ਕੇ ਅੰਦਰ ਲੱਗੇ ਮੀਟਰ ਦੀਆਂ ਤਾਰਾਂ ਖ਼ੁਰਦ-ਬੁਰਦ ਕਰਕੇ ਨਾਜਾਇਜ਼ ਕਬਜ਼ਾ ਕਰਨ ਦੇ ਸਬੰਧ ’ਚ ਸਿਟੀ ਪੁਲੀਸ ਨੇ ਇੱਕ ਵਿਅਕਤੀ ਖਿਲਾਫ਼ ਧਾਰਾ 427, 379, 447 ਆਈ.ਪੀ.ਸੀ ਤਹਿਤ ਕੇਸ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਸਹਾਇਕ ਕਮਿਸ਼ਨਰ ਨਗਰ ਨਿਗਮ ਫਗਵਾੜਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਸੁਰਿੰਦਰ ਸ਼ਾਹ ਪੁੱਤਰ ਬਿੱਲਾ ਸ਼ਾਹ ਮੁਹੱਲਾ ਮਨੋਹਰ ਨਗਰ ਦਾ ਖੋਖੇ ਉੱਤੇ ਨਾਜ਼ਾਇਜ ਤੌਰ ’ਤੇ ਕਬਜ਼ਾ ਹੈ। ਇਸ ਕਬਜ਼ੇ ਸਬੰਧੀ ਸੁਰਿੰਦਰ ਸ਼ਾਹ ਵੱਲੋਂ ਮਾਨਯੋਗ ਅਦਾਲਤ ’ਚ ਕੇਸ ਦਾਇਰ ਕੀਤਾ ਗਿਆ ਸੀ ਜਿਸ ਸਬੰਧੀ ਕੇਸ ਖਾਰਜ ਹੋ ਗਿਆ ਸੀ। ਇਸ ਤੋਂ ਬਾਅਦ ਨਗਰ ਨਿਗਮ ਵੱਲੋਂ ਇਸ ਖੋਖੇ ਨੂੰ ਸੀਲ ਲੱਗਾ ਦਿੱਤੀ ਸੀ ਪਰ ਕੁੱਝ ਸਮੇਂ ਬਾਅਦ ਸੁਰਿੰਦਰ ਸ਼ਾਹ ਵੱਲੋਂ ਨਿਗਮ ਦੀ ਸੀਲ ਤੋੜ ਕੇ ਖੋਖੇ ਉੱਤੇ ਕਬਜ਼ਾ ਕਰ ਲਿਆ ਗਿਆ। ਇਸ ਸਬੰਧ ’ਚ ਪੁਲੀਸ ਵਲੋਂ ਕੀਤੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਸੁਰਿੰਦਰ ਸ਼ਾਹ ਵੱਲੋਂ ਸਰਕਾਰੀ ਜਾਇਦਾਦ ’ਤੇ ਨਾਜਾਇਜ਼ ਕਬਜ਼ੇ ਕਰਨ ਅਤੇ ਲਗਾਈਆਂ ਸੀਲਾਂ ਤੋੜ ਕੇ ਖੋਖੇ ਦੇ ਅੰਦਰ ਲੱਗੇ ਮੀਟਰ ਦੀਆਂ ਤਾਰਾ ਮੀਟਰ ਨੂੰ ਖ਼ੁਰਦ-ਬੁਰਦ ਕਰਕੇ ਨਾਜਾਇਜ਼ ਕਬਜ਼ਾ ਕੀਤਾ ਹੈ। ਇਸ ਸਬੰਧ ’ਚ ਪੁਲੀਸ ਨੇ ਸੁਰਿੰਦਰ ਸ਼ਾਹ ਪੁੱਤਰ ਬਿੱਲਾ ਸ਼ਾਹ ਵਾਸੀ ਮੁਹੱਲਾ ਮਨੋਹਰ ਨਗਰ ਖਿਲਾਫ਼ ਕੇਸ ਦਰਜ ਕੀਤਾ ਹੈ।