ਪੱਤਰ ਪ੍ਰੇਰਕ
ਆਦਮਪੁਰ ਦੋਆਬਾ (ਜਲੰਧਰ), 25 ਅਗਸਤ
ਰਾਮਾਮੰਡੀ ਵਿੱਚ ਸਥਿਤ ਜੌਹਲ ਹਸਪਤਾਲ ਦੇ ਡਾਕਟਰ ਖ਼ਿਲਾਫ਼ ਐੱਸਸੀ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਉਮੇਸ਼ ਸ਼ਾਹ ਪੁੱਤਰ ਸਤ ਨਾਰਾਇਣ ਸ਼ਾਹ ਵਾਸੀ ਬਿਹਾਰ ਹਾਲ ਵਾਸੀ ਬਸਤੀ ਬਾਵਾ ਖੇਲ ਨੇ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਕਿਹਾ ਹੈ ਕਿ ਉਸ ਦੀ ਪਤਨੀ ਉਰਮਿਲਾ ਦੇਵੀ (31) ਨੂੰ ਗਰਭਵਤੀ ਹੋਣ ਕਾਰਨ ਇਲਾਜ ਲਈ ਜੌਹਲ ਹਸਪਤਾਲ ਰਾਮਾਮੰਡੀ ਵਿੱਚ ਦਾਖਲ ਕਰਵਾਇਆ ਗਿਆ ਸੀ। ਡਾਕਟਰ ਬਲਜੀਤ ਸਿੰਘ ਜੌਹਲ ਨੇ ਉਸ ਨੂੰ ਦੱਸੇ ਬਿਨਾਂ ਉਸ ਦੀ ਪਤਨੀ ਦਾ ਅਪਰੇਸ਼ਨ ਕਰ ਦਿੱਤਾ। ਇਸ ਤੋਂ ਬਾਅਦ ਉਸ ਨੂੰ ਉਸ ਦੇ ਬੱਚੇ ਬਾਰੇ ਨਹੀਂ ਦੱਸਿਆ ਕਿ ਉਹ ਮੁੰਡਾ ਹੈ ਜਾਂ ਕੁੜੀ। ਇਸ ਤੋਂ ਬਾਅਦ ਉਸ ਦੀ ਪਤਨੀ ਦਾ ਦੂਜਾ ਅਪਰੇਸ਼ਨ ਕਰ ਦਿੱਤਾ ਤੇ ਬਾਅਦ ਵਿੱਚ ਉਸ ਨੂੰ ਵੈਂਟੀਲੇਟਰ ’ਤੇ ਲੈ ਗਏ। ਕੁਝ ਸਮੇਂ ਬਾਅਦ ਉਸ ਨੂੰ ਦੱਸਿਆ ਕਿ ਉਸ ਦੀ ਪਤਨੀ ਦੀ ਮੌਤ ਹੋ ਗਈ ਹੈ ਤੇ ਕਿਹਾ ਕਿ ਇੱਕ ਲੱਖ 28 ਹਜ਼ਾਰ ਰੁਪਏ ਜਮ੍ਹਾਂ ਕਰਵਾ ਕੇ ਉਸ ਦੀ ਲਾਸ਼ ਲੈ ਸਕਦਾ ਹੈ। ਇਸ ਤੋਂ ਬਾਅਦ ਉਸ ਨੇ ਡਾਕਟਰ ਦੀਆਂ ਮਿੰਨਤਾਂ ਕੀਤੀਆਂ ਕਿ ਉਸ ਪਾਸ ਇੰਨੇ ਪੈਸੇ ਨਹੀਂ ਹਨ ਤਾਂ ਡਾਕਟਰ ਨੇ ਉਸ ਨੂੰ ਜਾਤੀਸੂਚਕ ਸ਼ਬਦ ਬੋਲੇ। ਮੌਕੇ ’ਤੇ ਪਹੁੰਚੇ ਵਿਧਾਇਕ ਸ਼ੀਤਲ ਅੰਗੂਰਾਲ ਵੀ ਪਹੁੰਚੇ ਅਤੇ ਪੀੜਤ ਨੂੰ ਹਰ ਤਰ੍ਹਾਂ ਦੀ ਸਹਾਇਤਾ ਦਾ ਭਰੋਸਾ ਦਿੱਤਾ।
ਵਿਧਾਇਕ ਨੇ ਦੋਸ਼ ਲਗਾਇਆ ਕਿ ਡਾਕਟਰ ਬਲਜੀਤ ਸਿੰਘ ਜੌਹਲ ਨੇ ਉਸ ਨਾਲ ਵੀ ਗਲਤ ਭਾਸ਼ਾ ਦਾ ਪ੍ਰਯੋਗ ਕੀਤਾ। ਦੂਜੇ ਪਾਸੇ ਡਾ. ਬਲਜੀਤ ਸਿੰਘ ਜੌਹਲ ਨੇ ਕਿਹਾ ਕਿ ਉਨ੍ਹਾਂ ਉੱਪਰ ਲਗਾਏ ਦੋਸ਼ ਗਲਤ ਹਨ। ਪੀੜਤ ਦੇ ਪਰਿਵਾਰਕ ਮੈਂਬਰਾਂ ਦੀ ਸਲਾਹ ਨਾਲ ਹੀ ਅਪਰੇਸ਼ਨ ਕੀਤੇ ਗਏ ਹਨ ਤੇ ਉਸ ਨੇ ਕਿਸੇ ਨਾਲ ਵੀ ਗਲਤ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ।