ਪੱਤਰ ਪ੍ਰੇਰਕ
ਟਾਂਡਾ, 9 ਅਕਤੂਬਰ
ਇਥੋਂ ਨੇੜਲੇ ਅੱਡਾ ਸਰ੍ਹਾ ਵਿੱਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਤਰਕਸ਼ੀਲ ਨਾਟਕ ਮੇਲਾ ਕਰਵਾਇਆ ਗਿਆ| ਇਸ ਦੌਰਾਨ ਨਾਟਕ, ਕੋਰੀਓਗ੍ਰਾਫੀ, ਕਵਿਤਾ ਪੇਸ਼ ਕਰਦੇ ਹੋਏ ਸ਼ਹੀਦ ਭਗਤ ਸਿੰਘ ਦੀ ਸੋਚ ’ਤੇ ਪਹਿਰਾ ਦੇਣ ਦਾ ਹੋਕਾ ਦਿੱਤਾ ਗਿਆ। ਤਰਕਸ਼ੀਲ ਸੁਸਾਇਟੀ ਅੱਡਾ ਸਰਾਂ ਦੇ ਮੈਂਬਰ ਪ੍ਰਧਾਨ ਜਸਵੀਰ ਸਿੰਘ ਕਲੋਆ, ਵਿਜੈ ਕੁਮਾਰ ਪਚਰੰਗਾ, ਗੁਰਮੁੱਖ ਸਿੰਘ, ਰਮਨ ਕੁਮਾਰ, ਮਨੋਜ ਕੁਮਾਰ, ਲੋਕ ਇਨਕਲਾਬ ਮੰਚ ਦੇ ਸਰਪ੍ਰਸਤ ਹਰਦੀਪ ਖੁੱਡਾ, ਰਾਮ ਲੁਭਾਇਆ, ਗੁਰਮੁੱਖ ਸਿੰਘ ਤੇ ਸੁਲੱਖਣ ਸਿੰਘ, ਪ੍ਰਵੀਨ ਕੁਮਾਰ ਮੈਂਬਰਾਂ ਦੀ ਦੇਖ ਰੇਖ ਵਿਚ ਕਰਵਾਏ ਗਏ ਇਸ ਮੇਲੇ ਦਾ ਉਦਘਾਟਨ ਸੇਵਾਮੁਕਤ ਡੀਪੀਆਈ ਹਾਇਰ ਐਜੂਕੇਸ਼ਨ ਗੁਰਪਾਲ ਸਿੰਘ ਜੌੜਾ ਵੱਲੋਂ ਸ਼ਮਾ ਰੋਸ਼ਨ ਕਰਕੇ ਕੀਤਾ| ਇਸ ਤੋਂ ਬਾਅਦ ਸਾਥੀ ਸੁਖਦੇਵ ਫਗਵਾੜਾ ਨੇ ਤਰਕਸ਼ੀਲ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਉੱਦਮਾਂ ਬਾਰੇ ਜਾਣਕਾਰੀ ਦਿੱਤੀ| ਗਾਇਕ ਜਸਵੀਰ ਜੀਦਾ ਵੱਲੋਂ ਇਨਕਲਾਬੀ ਬੋਲੀਆਂ ਅਤੇ ਗੀਤ ਪੇਸ਼ ਕੀਤੇ ਗਏ| ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵੱਲੋਂ ‘ਪਰਿੰਦੇ ਭਟਕ ਗਏ’ ਨਾਟਕ ਅਤੇ ਕੋਰੀਓਗ੍ਰਾਫੀ ਪੇਸ਼ ਕੀਤੀ ਗਈ| ਨਾਟਕਾਂ ਰਾਹੀਂ ਵਹਿਮਾਂ ਭਰਮਾਂ ਤੋਂ ਦੂਰ ਰਹਿੰਦੇ ਹੋਏ ਤਰਕਸ਼ੀਲ ਸੋਚ ਅਪਨਾਉਣ, ਦੇਸ਼ ਭਗਤੀ ਅਤੇ ਸਮਾਜਿਕ ਅਲਾਮਤਾਂ ਦੇ ਖਿਲਾਫ ਲੜਨ ਦਾ ਸੰਦੇਸ਼ ਦਿੱਤਾ ਗਿਆ| ਇਸ ਮੌਕੇ ਸਾਥੀ ਜਸਵਿੰਦਰ ਫਗਵਾੜਾ ਅਤੇ ਸੁਰਜੀਤ ਟਿੱਬਾ ਵੱਲੋਂ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਅਤੇ ਅੱਜ ਦੇ ਸਮਾਜ ਵਿਚ ਚੁਣੌਤੀਆਂ ਅਤੇ ਉਨ੍ਹਾਂ ਦੇ ਹੱਲ ਬਾਰੇ ਵਿਚਾਰ ਪੇਸ਼ ਕੀਤੇ ਗਏ| ਇਸ ਮੌਕੇ ਹਰਦੀਪ ਖੁੱਡਾ, ਦਿਲਰਾਜ ਟੋਨੀ, ਮਦਨ ਲਾਲ, ਕਾਮਰੇਡ ਭੁਪਿੰਦਰ ਸਿੰਘ ਆਦਿ ਹਾਜ਼ਰ ਸਨ।