ਗੁਰਦੇਵ ਸਿੰਘ ਗਹੂੰਣ
ਬਲਾਚੌਰ, 7 ਜੁਲਾਈ
ਬਲਾਚੌਰ ਪੁਲੀਸ ਨੇ ਲਾਟਰੀ ਨਿਕਲਣ ਦਾ ਬਹਾਨਾ ਲਗਾ ਕੇ ਠੱਗੀ ਮਾਰਨ ਦੇ ਦੋਸ਼ ਵਿੱਚ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਬਲਾਚੌਰ ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਸਾਹਿਬਾ ਦੀ ਰਹਿਣ ਵਾਲੀ ਇੱਕ ਲੜਕੀ ਨੇ ਪੁਲੀਸ ਕੋਲ ਸ਼ਿਕਾਇਤ ਕੀਤੀ ਹੈ ਕਿ ਅਕਤੂਬਰ 2019 ਵਿੱਚ ਉਸ ਦੇ ਫੋਨ ’ਤੇ ਇੱਕ ਸੰਦੇਸ਼ ਆਇਆ ਕਿ ਉਸ ਦੀ 25 ਲੱਖ ਰੁਪਏ ਦੀ ਲਾਟਰੀ ਨਿਕਲੀ ਹੈ, ਜਿਸ ਨੂੰ ਲੈਣ ਲਈ ਉਸ ਨੂੰ ਕਾਗਜ਼ੀ ਕਾਰਵਾਈ ਕਰਨ ਦੇ 16,000 ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ। ਉਸ ਨੇ ਫੋਨ ਕਰਨ ਵਾਲੇ ਵਿਅਕਤੀ ਵਲੋਂ ਦੱਸੇ ਬੈਂਕ ਖਾਤੇ ਵਿੱਚ ਇਹ ਰਕਮ ਜਮ੍ਹਾਂ ਕਰ ਦਿੱਤੀ। ਇਸ ਤੋਂ ਉਪਰੰਤ ਧੋਖਾਧੜੀ ਕਰਨ ਵਾਲੇ ਵਿਅਕਤੀਆਂ ਨੇ ਉਸ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਇੰਨੇ ਜ਼ਿਆਦਾ ਪੈਸੇ ਬੈਂਕ ਵਿੱਚ ਆਉਣ ਨਾਲ ਬੈਂਕ ਵਾਲੇ ਉਸ ਨੂੰ ਪ੍ਰੇਸ਼ਾਨ ਕਰਨਗੇ, ਜਿਸ ਲਈ ਉਨ੍ਹਾਂ ਨੇ ਉਸ ਕੋਲੋਂ ਅਲੱੱਗ-ਅਲੱਗ ਬੈਂਕ ਖਾਤਿਆਂ ਵਿੱਚ ਕੁੱਲ 90,000 ਰੁਪਏ ਮੰਗਵਾ ਲਏ। ਇਸ ਦੌਰਾਨ ਤਸੱਲੀ ਕਰਵਾਉਣ ਲਈ ਉਨ੍ਹਾਂ ਨੇ ਉਸ ਦੀ ਇੱਕ ਵਿਅਕਤੀ ਨਾਲ ਗੱਲਬਾਤ ਵੀ ਕਰਵਾ ਦਿੱਤੀ, ਜਿਸ ਨੂੰ ਉਹ ਬੈਂਕ ਮੈਨੇਜਰ ਕਹਿੰਦੇ ਸਨ। ਪੈਸੇ ਜਮ੍ਹਾਂ ਕਰਵਾਉਣ ਤੋਂ ਬਾਅਦ ਉਕਤ ਵਿਅਕਤੀਆਂ ਨੇ ਉਸ ਦੇ ਏ.ਟੀ.ਐਮ. ਸਬੰਧੀ ਸੂਚਨਾ ਮੰਗਣੀ ਸ਼ੁਰੂ ਕਰ ਦਿੱਤੀ, ਜਿਸ ਨੂੰ ਦੇਣ ਤੋਂ ਉਸ ਨੇ ਇਨਕਾਰ ਕਰ ਦਿੱਤਾ। ਡੀਐਸਪੀ ਬਲਾਚੌਰ ਵਲੋਂ ਉਕਤ ਲੜਕੀ ਦੀ ਸ਼ਿਕਾਇਤ ਦੇ ਆਧਾਰ ’ਤੇ ਜਾਂਚ ਪੜਤਾਲ ਕੀਤੀ ਗਈ ਅਤੇ ਉਸ ਜਾਂਚ ਦੇ ਆਧਾਰ ’ਤੇ ਬਲਾਚੌਰ ਪੁਲੀਸ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ।