ਪੱਤਰ ਪ੍ਰੇਰਕ
ਫਗਵਾੜਾ, 7 ਸਤੰਬਰ
ਸਿਟੀ ਪੁਲੀਸ ਨੇ ਅਰਬਨ ਅਸਟੇਟ ਖੇਤਰ ’ਚੋਂ ਚਾਰ ਵਿਅਕਤੀਆਂ ਨੂੰ ਗੱਡੀਆਂ ਸਮੇਤ ਕਾਬੂ ਕਰ ਕੇ ਉਨ੍ਹਾਂ ਪਾਸੋਂ 20 ਨਾਜਾਇਜ ਕੈਨ ਸ਼ਰਾਬ (7 ਲੱਖ 50 ਹਜ਼ਾਰ ਐੱਮਐੱਲ) ਬਰਾਮਦ ਕਰ ਕੇ ਕੇਸ ਦਰਜ ਕੀਤਾ ਹੈ।
ਐੱਸਐੱਚਓ ਸਿਟੀ ਅਮਨਦੀਪ ਨੇ ਦੱਸਿਆ ਕਿ ਪੁਲੀਸ ਪਾਰਟੀ ਨੂੰ ਸੂਚਨਾ ਮਿਲੀ ਸੀ ਕਿ ਉਕਤ ਵਿਅਕਤੀ ਸ਼ਰਾਬ ਵੇਚਣ ਦਾ ਧੰਦਾ ਕਰਦੇ ਹਨ ਤੇ ਅੱਜ ਵੀ ਗੱਡੀਆਂ ’ਚ ਸ਼ਰਾਬ ਰੱਖ ਕੇ ਵੇਚ ਰਹੇ ਹਨ। ਪੁਲੀਸ ਪਾਰਟੀ ਨੇ ਮੌਕੇ ’ਤੇ ਪੁੱਜ ਕੇ ਇੱਕ ਬਲੈਰੋ ਗੱਡੀ ਤੇ ਸਕਾਰਪੀਓ ਗੱਡੀ ਨੂੰ ਕਾਬੂ ਕਰਕੇ ਇਨ੍ਹਾਂ ਦੇ ਕਬਜ਼ੇ ’ਚੋਂ 20 ਕੈਨ ਸ਼ਰਾਬ (7,50,000 ਐੱਮਐੱਲ) ਬਰਾਮਦ ਕੀਤੀ।
ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਦੀ ਪਛਾਣ ਕੁਲਵੰਤ ਸਿੰਘ ਉਰਫ਼ ਪੰਮਾ, ਅਮਰਜੀਤ ਸਿੰਘ ਉਰਫ਼ ਮਿੰਦੀ, ਮੰਗਾ ਸਿੰਘ ਉਰਫ਼ ਮੰਗਾ ਤੇ ਗੁਰਵਿੰਦਰ ਸਿੰਘ ਵਾਸੀਆਨ ਪਿੰਡ ਬੂਟਾ ਵਜੋਂ ਹੋਈ ਹੈ। ਐੱਸਐੱਚਓ ਨੇ ਦੱਸਿਆ ਕਿ ਇਹ ਵਿਅਕਤੀ ਜੋ ਕਿ ਲੰਬੇ ਸਮੇਂ ਤੋਂ ਸ਼ਰਾਬ ਵੇਚਣ ਦਾ ਧੰਦਾ ਕਰਦੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਕੁਲਵੰਤ ਸਿੰਘ, ਅਮਰਜੀਤ ਤੇ ਮੰਗਾ ਸਿੰਘ ਖਿਲਾਫ਼ ਪਹਿਲਾਂ ਵੀ ਇੱਕ-ਇੱਕ ਕੇਸ ਦਰਜ ਹੈ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਇਨ੍ਹਾਂ ਮੰਨਿਆ ਕਿ ਉਹ ਇਹ ਸ਼ਰਾਬ ਬੂਟਾ ਪਿੰਡ, ਬਾਸ਼ਾਪੁਰ ਤੇ ਮਾਹਿਤਪੁਰ ਆਦਿ ਇਲਾਕਿਆਂ ’ਚ ਸਪਲਾਈ ਕਰਦੇ ਸਨ ਤੇ ਇਹ ਸਪਲਾਈ ਇੱਕ ਫੈਕਟਰੀ ’ਚੋਂ ਆਉਂਦੀ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਕਾਬੂ ਕਰਨ ਨਾਲ ਕਈ ਇਲਾਕਿਆਂ ’ਚ ਸ਼ਰਾਬ ਦੀ ਸਪਲਾਈ ਨੂੰ ਠੱਲ ਪਵੇਗੀ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਦੋ ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕਰ ਕੇ ਇਨ੍ਹਾਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।