ਹਤਿੰਦਰ ਮਹਿਤਾ
ਆਦਮਪੁਰ ਦੋਆਬਾ (ਜਲੰਧਰ), 16 ਜੂਨ
ਜਲੰਧਰ ਕਮਿਸ਼ਨਰੇਟ ਪੁਲੀਸ ਨੇ ਸੁਨਿਆਰੇ ਨੂੰ ਲੁੱਟਣ ਦੀ ਯੋਜਨਾ ਬਣਾ ਰਹੇ 5 ਨੌਜਵਾਨਾਂ ਨੂੰ ਸਾਢੇ 6 ਲੱਖ ਰੁਪਏ ਡਰੱਗ ਮਨੀ, 4 ਪਿਸਤੌਲ ਤੇ ਨਸ਼ੀਲੇ ਪਦਾਰਥਾਂ ਸਣੇ ਕਾਬੂ ਕੀਤਾ ਹੈ। ਕਮਿਸ਼ਨਰ ਪੁਲੀਸ ਗੁਰਸ਼ਰਨ ਸਿੰਘ ਸੰਧੂ ਨੇ ਦੱਸਿਆ ਕਿ ਡੀਐੱਸਪੀ ਜਸਕਰਨ ਜੀਤ ਸਿੰਘ ਤੇ ਸੀਆਈਏ ਸਟਾਫ 2 ਵੱਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਟੀ ਪੁਆਇੰਟ ਲਾਡੋਵਾਲੀ ਰੋਡ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਇੱਕ ਸਵਿਫਟ ਕਾਰ (ਪੀਬੀ08 ਈ ਡਬਲਯੂ 8657) ਜੋ ਗੁਰੂ ਨਾਨਕਪੁਰਾ ਫਾਟਕ ਵਲੋਂ ਆ ਰਹੀ ਸੀ, ਨੂੰ ਰੋਕਿਆ ਗਿਆ। ਕਾਰ ਦੀ ਤਲਾਸ਼ੀ ਲੈਣ ’ਤੇ ਕਾਰ ਵਿੱਚੋਂ 6 ਲੱਖ 50 ਹਜ਼ਾਰ ਰੁਪਏ, 4 ਪਿਸਤੌਲ 32 ਬੋਰ, 6 ਮੈਗਜੀਨ 32 ਬੋਰ, 103 ਗ੍ਰਾਮ ਹੈਰੋਇਨ, 550 ਗ੍ਰਾਮ ਨਸ਼ੀਲਾ ਪਾਉਡਰ ਅਤੇ ਇੱਕ ਖੰਡਾ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਸੰਨੀ ਪੁੱਤਰ ਮੰਗਤ ਰਾਮ ਵਾਸੀ ਪ੍ਰੀਤ ਨਗਰ ਬਸਤੀ ਭੂਰੇ ਖਾਂ ਜਲੰਧਰ, ਸਮਾਈਲ ਉਰਫ ਸ਼ੇਰੂ ਪੁੱਤਰ ਮੰਗਤ ਰਾਮ ਵਾਸੀ ਪ੍ਰੀਤ ਨਗਰ ਬਸਤੀ ਭੂਰੇ ਖਾਂ ਜਲੰਧਰ, ਦਿਵਾਂਸ਼ ਉਰਫ ਵੰਸ਼ ਪੁੱਤਰ ਪ੍ਰਿੰਸ ਕੁਮਾਰ ਵਾਸੀ ਸੋਢਲ ਰੋਡ ਜਲੰਧਰ, ਹੈਪੀ ਪੁੱਤਰ ਰਾਜ ਕੁਮਾਰ ਵਾਸੀ ਸੰਤ ਨਗਰ ਜਲੰਧਰ, ਲਵ ਕੁਮਾਰ ਪੁੱਤਰ ਰਾਕੇਸ਼ ਕੁਮਾਰ ਵਾਸੀ ਪ੍ਰੀਤ ਨਗਰ ਬਸਤੀ ਭੂਰੇ ਖਾਂ ਜਲੰਧਰ ਵਜੋਂ ਹੋਈ ਹੈ। ਗੁਰਸ਼ਰਨ ਸਿੰਘ ਸੰਧੂ ਨੇ ਦੱਸਿਆ ਕਿ ਪੁਲੀਸ ਵੱਲੋਂ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਦੋ ਕਾਰਾਂ ਵੀ ਬਰਾਮਦ ਕੀਤੀਆਂ। ਸੰਨੀ ਤੇ ਸਮਾਈਲ ਦੋਵੇਂ ਸ਼ਕੇ ਭਰਾ ਹਨ ਕੇ ਇਹ ਅਮਨ ਫਤਿਹ ਗੈਂਗ ਦੇ ਮੈਂਬਰ ਹਨ। ਉਨ੍ਹਾਂ ਦੱਸਿਆ ਕਿ ਇਹ ਪਿਛਲੇ ਸਮੇਂ ਤੋਂ ਜਲੰਧਰ ਕਮਿਸ਼ਨਰੇਟ ਇਲਾਕੇ ’ਚ ਲੁੱਟਾਂ ਕਰਦੇ ਸੀ ਤੇ ਨਾਲ ਹੀ ਨਸ਼ੇ ਦਾ ਕਾਰੋਬਾਰ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵੱਲੋਂ ਗੈਂਗ ਨਾਲ ਮਿਲ ਕੇ ਲੱਕੀ ਪੇਂਟਰ ’ਤੇ ਗੋਲੀਆਂ ਚਲਾਈਆ ਸੀ। ਜਿਸ ਕਾਰਨ ਇਨ੍ਹਾਂ ’ਤੇ ਕੇਸ ਵੀ ਦਰਜ ਹੈ। ਉਨ੍ਹਾਂ ਦੱਸਿਆ ਕਿ ਮੁਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਜਲੰਧਰ ਦੇ ਕਿਸ਼ਨਪੂਰਾ ਇਲਾਕੇ ਦੇ ਇੱਕ ਸੁਨਿਅਰੇ ਦੀ ਰੇਕੀ ਕਰ ਰਹੇ ਸੀ ਤੇ ਇਨ੍ਹਾਂ ਵੱਲੋਂ ਸਿੁਨਆਰੇ ਨੂੰ ਨਿਸ਼ਾਨਾ ਬਣਾ ਕੇ ਉਸ ਦੀ ਲੁੱਟ ਕੀਤੀ ਜਾਣੀ ਸੀ। ਉਨ੍ਹਾਂ ਦੱਸਿਆ ਕਿ ਸੰਨੀ ਵਿਰੁੱਧ ਵੱਖ ਵੱਖ ਪੁਲੀਸ ਸਟੇਸ਼ਨਾਂ ’ਚ 10 ਮੁਕੱਦਮੇ ਦਰਜ ਹਨ।
ਲੁੱਟ ਸਬੰਧੀ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ
ਫਗਵਾੜਾ (ਪੱਤਰ ਪ੍ਰੇਰਕ) ਇੱਕ ਵਿਅਕਤੀ ਨੂੰ ਪਿਸਤੌਲ ਦਿਖਾ ਕੇ ਨਕਦੀ ਅਤੇ ਮੋਬਾਈਲ ਖੋਹ ਕੇ ਲੈ ਜਾਣ ਦੇ ਸਬੰਧ ’ਚ ਸਿਟੀ ਪੁਲੀਸ ਨੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 379-ਬੀ ਤਹਿਤ ਕੇਸ ਦਰਜ ਕੀਤਾ ਹੈ। ਐੱਸਐੱਚਓ ਸਿਟੀ ਅਮਨਦੀਪ ਨਾਹਰ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਵਿਨੋਦ ਕੁਮਾਰ ਪੁੱਤਰ ਲੇਟ ਮਦਨ ਲਾਲ ਵਾਸੀ ਸਿਵਲ ਹਸਪਤਾਲ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 14 ਜੂਨ ਨੂੰ ਉਹ ਆਪਣੀ ਡਿਊਟੀ ਖ਼ਤਮ ਕਰਕੇ ਵਾਪਸ ਕੁਆਟਰ ਚੱਲਾ ਗਿਆ ਤੇ ਫ਼ਿਰ ਆਪਣੀ ਐਕਟਿਵਾ ’ਤੇ ਜਗਤ ਰਾਮ ਸੂੰਢ ਕਾਲੋਨੀ ’ਚ ਆਪਣੀ ਮਾਤਾ ਨੂੰ ਮਿਲਣ ਗਿਆ। ਜਦੋਂ ਉਹ ਜੈਨ ਮਾਡਲ ਸਕੂਲ ਫਗਵਾੜਾ ਨੇੜੇ ਪੁੱਜਾ ਤਾਂ ਉਸ ਨੂੰ ਫ਼ੋਨ ਆ ਗਿਆ ਤੇ ਰੁਕ ਗਿਆ। ਇਨ੍ਹੇ ਨੂੰ ਦੋ ਨੌਜਵਾਨ ਮੋਟਰਸਾਈਕਲ ’ਤੇ ਆਏ ਤੇ ਪਿਸਤੌਲ ਦਿਖਾ ਕੇ ਉਸਦਾ ਮੋਬਾਈਲ ਤੇ 1825 ਰੁਪਏ ਦੀ ਨਕਦੀ ਲੁੱਟ ਕੇ ਲੈ ਗਏ। ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪਿਸਤੌਲ ਤੇ ਹੈਰੋਇਨ ਸਣੇ ਤਿੰਨ ਕਾਬੂ
ਸ਼ਾਹਕੋਟ (ਪੱਤਰ ਪ੍ਰੇਰਕ) ਲੋਹੀਆਂ ਖਾਸ ਪੁਲੀਸ ਨੇ ਇਕ ਪਿਸਤੌਲ, 100 ਗ੍ਰਾਮ ਹੈਰੋਇਨ ਤੇ 55 ਕਿਲੋ 200 ਗ੍ਰਾਮ ਡੋਡਿਆਂ ਸਣੇ ਤਿੰਨ ਮੁਲਜ਼ਮ ਕਾਬੂ ਕੀਤੇ ਹਨ। ਡੀਐੱਸਪੀ ਸ਼ਾਹਕੋਟ ਜਸਬਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਮੁਲਜ਼ਮ ਕੁਲਵਿੰਦਰ ਸਿੰਘ ਉਰਫ ਮੀਤ ਤੇ ਮੰਗਲ ਸਿੰਘ ਉਰਫ ਬੱਬੂ ਵਾਸੀਆਨ ਛੰਨਾ ਸ਼ੇਰ ਸਿੰਘ ਥਾਣਾ ਤਲਵੰਡੀ ਚੌਧਰੀਆਂ (ਕਪੂਰਥਲਾ) ਨੂੰ 32 ਬੋਰ ਦੇ ਪਿਸਤੌਲ, ਇਕ ਕਾਰਤੂਸ ਤੇ 100 ਗ੍ਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ। ਇਸੇ ਤਰ੍ਹਾਂ ਟਰੱਕ ਡਰਾਈਵਰ ਰਜਿੰਦਰ ਸਿੰਘ ਵਾਸੀ ਧੱਕਾ ਬਸਤੀ ਥਾਣਾ ਮਖੂ ਤੋਂ ਨਸ਼ੀਲੇ ਪਦਾਰਥ ਬਰਾਮਦ ਕੀਤਾ।