ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 5 ਸਤੰਬਰ
ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਵੱਲੋਂ ਅਧਿਆਪਕ ਸਨਮਾਨ ਦਿਨ ਵਿਰਸਾ ਵਿਹਾਰ ਵਿਖੇ ਮਨਾਇਆ, ਜਿਸ ਵਿੱਚ ਜ਼ਿਲੇ ਦੇ 44 ਅਧਿਆਪਕਾਂ ਨੂੰ ਸਨਮਾਨਿਤ ਕੀਤਾ।
ਪ੍ਰਧਾਨ ਭੁਪਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ’ਚ ਆਯੋਜਿਤ ਸਮਾਗਮ ’ਚ 44 ਐਲੀਮੈਂਟਰੀ ਤੇ ਸੈਕੰਡਰੀ ਸਕੂਲਾਂ ਤੋਂ ਚੁਣੇ ਅਧਿਆਪਾ ਨੂੰ ਸਨਮਾਨਿਤ ਕੀਤਾ ਗਿਆ।ਫਾਊਂਡੇਸ਼ਨ ਦੇ ਜਨਰਲ ਸਕੱਤਰ ਡਾਕਟਰ ਸੁਖਦੇਵ ਸਿੰਘ ਸੇਖੋਂ, ਮੈਂਬਰ ਕੁਲਵਿੰਦਰ ਸਿੰਘ, ਕਮਲਨੈਨ ਸਿੰਘ, ਰਣਬੀਰ ਕੌਰ ਰਾਣਾ, ਭੁਪਿੰਦਰ ਸਿੰਘ ਗਿੱਲ ਆਦਿ ਨੇ ਦੱਸਿਆ ਸਮਾਗਮ ਦੇ ਪ੍ਰਧਾਨਗੀ ਮੰਡਲ ’ਚ ਸ਼ੋਮਣੀ ਨਾਟਕਕਾਰ ਕੇਵਲ ਧਾਲੀਵਾਲ, ਡੀ.ਈ.ਓ. (ਸ.ਸ.) ਸਤਿੰਦਰਬੀਰ ਸਿੰਘ, ਡੀ.ਈ.ਓ.(ਐ.ਸ.) ਸੁਸ਼ੀਲ ਕੁਮਾਰ ਤੁਲੀ, ਡਾਕਟਰ ਆਤਮ ਰੰਧਾਵਾ,ਰਮੇਸ਼ ਯਾਦਵ ਆਦਿ ਸ਼ਾਮਲ ਹੋਏ।
ਸ੍ਰੀ ਕੇਵਲ ਧਾਲੀਵਾਲ ਨੇ ਮਹਿਮਾਨਾਂ ਤੇ ਅਧਿਆਪਕਾਂ ਨੂੰ ਜੀ ਆਇਆਂ ਕਹਿੰਦਿਆਂ ਵਿਰਸਾ ਵਿਹਾਰ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ। ਸਮਾਗਮ ਬਾਰੇ ਭੁਪਿੰਦਰ ਸਿੰਘ ਸੰਧੂ ਨੇ ਕਿਹਾ ਅਧਿਆਪਕਾਂ ਦਾ ਸਨਮਾਨ ਕੌਮ ਦਾ ਸਨਮਾਨ ਹੈ, ਜਿਸਨੇ ਚੰਗੇ ਨਾਗਰਿਕ ਪੈਦਾ ਕਰਨ ’ਚ ਵੱਡੀ ਭੂਮਿਕਾ ਨਿਭਾਉਣੀ ਹੈ। ਇਸ ਲਈ ਅਧਿਆਪਕ ਵਰਗ ਦਾ ਚੇਤਨ ਹੋਣਾ ਲਾਜ਼ਮੀ ਹੈ। ਡਾਕਟਰ ਆਤਮ ਰੰਧਾਵਾ ਨੇ ਮੌਜੂਦਾ ਸਿੱਖਿਆ ਨੀਤੀ ਤੇ ਇਸਨੂੰ ਲਾਗੂ ਕਰਨ ਵਿੱਚ ਦਰਪੇਸ਼ ਸਮੱਸਿਆਵਾਂ ਤੇ ਹੱਲ ਬਾਰੇ ਜਾਣਕਾਰੀ ਦਿੱਤੀ। ਸਿੱਖਿਆ ਅਧਿਕਾਰੀ ਸਤਿੰਦਰਬੀਰ ਸਿੰਘ ਤੇ ਸੁਸ਼ੀਲ ਕੁਮਾਰ ਤੁਲੀ ਨੇ ਫ਼ਾਊਂਡੇਸ਼ਨ ਦੇ ਇਸ ਕਾਰਜ ਦੀ ਸਰਾਹਨਾ ਕੀਤੀ ਤੇ ਕਿਹਾ ਇਸ ਨਾਲ ਅਧਿਆਪਕਾਂ ਵਿਚ ਨਵਾਂ ਉਤਸ਼ਾਹ ਪੈਦਾ ਹੁੰਦਾ ਹੈ।
ਕੈਪਸ਼ਨ: ਸਨਮਾਨਿਤ ਕੀਤੇ ਅਧਿਆਪਕ।