ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 8 ਜੁਲਾਈ
ਸਿਹਤ ਵਿਭਾਗ ਦੀ ਟੀਮ ਅਤੇ ਥਾਣਾ ਕਰਤਾਰਪੁਰ ਦੀ ਪੁਲੀਸ ਨੇ ਸਾਂਝੀ ਕਾਰਵਾਈ ਕਰਕੇ ਬਿਨਾਂ ਲਾਇਸੈਂਸ ਤੋਂ ਭੰਡਾਰ ਕੀਤੀਆਂ 44 ਲੱਖ ਰੁਪਏ ਦੀ ਕੀਮਤ ਦੀਆਂ ਐਲੋਪੈਥਿਕ ਦਵਾਈਆਂ ਜ਼ਬਤ ਕੀਤੀਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਰੱਗ ਕੰਟਰੋਲਰ ਅਫਸਰ ਜਲੰਧਰ- 2 ਅਮਰਜੀਤ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਜਤਿਨ ਨੰਦਾ ਵਾਸੀ ਭੱਲਾ ਮੁਹੱਲਾ ਕਰਤਾਰਪੁਰ ਨੇ ਇਕ ਇਮਾਰਤ ਵਿੱਚ ਭਾਰੀ ਮਾਤਰਾ ਵਿੱਚ ਐਲੋਪੈਥਿਕ ਦਵਾਈਆਂ ਰੱਖੀਆਂ ਹੋਈਆਂ ਹਨ। ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਸਹਾਇਕ ਦਿਨੇਸ਼ ਕੁਮਾਰ ਅਤੇ ਥਾਣਾ ਕਰਤਾਰਪੁਰ ਦੇ ਮੁਖੀ ਰਮਨਦੀਪ ਸਿੰਘ ਵੱਲੋਂ ਸਾਂਝੇ ਤੌਰ ’ਤੇ ਕਾਰਵਾਈ ਕਰਦਿਆਂ ਛਾਪਾ ਮਾਰਿਆ ਗਿਆ। ਟੀਮ ਨੂੰ ਮੌਕੇ ਤੋਂ ਗਿਆਰਾਂ ਤਰ੍ਹਾਂ ਦੀਆਂ ਐਲੋਪੈਥਿਕ ਦਵਾਈਆਂ ਬਰਾਮਦ ਹੋਈਆਂ ਸਨ। ਸਿਹਤ ਵਿਭਾਗ ਦੀ ਟੀਮ ਅਨੁਸਾਰ ਬਰਾਮਦ ਹੋਈਆਂ ਦਵਾਈਆਂ ਵਿੱਚ ਇੱਕ ਲੱਖ ਪਚਾਨਵੇ ਹਜ਼ਾਰ ਕੈਪਸੂਲ ਅਤੇ ਇਕਿਆਸੀ ਹਜ਼ਾਰ ਪੰਜ ਸੌ ਗੋਲੀਆਂ ਬਰਾਮਦ ਹੋਈਆਂ ਹਨ ਅਤੇ ਇਨ੍ਹਾਂ ਦੀ ਕੀਮਤ ਲਗਪਗ ਚੁਤਾਲੀ ਲੱਖ ਰੁਪਏ ਬਣਦੀ ਹੈ। ਜ਼ਿਲ੍ਹਾ ਡਰੱਗ ਕੰਟਰੋਲ ਅਫਸਰ ਅਮਰਜੀਤ ਸਿੰਘ ਨੇ ਦੱਸਿਆ ਕਿ ਬਰਾਮਦ ਹੋਈਆਂ ਦਵਾਈਆਂ ਸਬੰਧੀ ਜਤਿਨ ਨੰਦਾ ਤੋਂ ਦਸਤਾਵੇਜ਼ਾਂ ਦੀ ਮੰਗ ਕੀਤੀ ਗਈ ਤਾਂ ਉਹ ਕੋਈ ਵੀ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ। ਉਨ੍ਹਾਂ ਦੱਸਿਆ ਕਿ ਗੁਦਾਮ ਵਿੱਚ ਮਿਲੀਆਂ ਐਲੋਪੈਥਿਕ ਦਵਾਈਆਂ ਜ਼ਬਤ ਕਰਕੇ ਜਤਿਨ ਨੰਦਾ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਨਸ਼ਾ ਤਸਕਰ 118 ਗ੍ਰਾਮ ਹੈਰੋਇਨ ਸਣੇ ਕਾਬੂ
ਸ੍ਰੀ ਗੋਇੰਦਵਾਲ ਸਾਹਿਬ (ਪੱਤਰ ਪ੍ਰੇਰਕ) ਥਾਣਾ ਵੈਰੋਵਾਲ ਦੀ ਪੁਲੀਸ ਨੇ ਨਸ਼ਿਆ ਖ਼ਿਲਾਫ਼ ਅਭਿਆਨ ਤਹਿਤ ਇਕ ਨਸ਼ਾ ਤਸਕਰ ਨੂੰ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ। ਫੜਿਆ ਗਿਆ ਨਸ਼ਾ ਤਸਕਰ ਪਿਛਲੇ ਲੰਬੇ ਸਮੇਂ ਤੋਂ ਨਸ਼ਿਆ ਦਾ ਕਾਰੋਬਾਰ ਕਰ ਰਿਹਾ ਸੀ ਜੋ ਅਜੇ ਤੱਕ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਚੱਲ ਰਿਹਾ ਸੀ। ਐੱਸਐੱਚਓ ਪਰਮਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਥਾਣਾ ਵੈਰੋਵਾਲ ਦੀ ਪੁਲੀਸ ਪਾਰਟੀ ਵੱਲੋਂ ਨਾਗੋਕੇ ਲਿੰਕ ਸੜਕ ’ਤੇ ਸ਼ਮਸ਼ਾਨਘਾਟ ਕੋਲ ਜਾ ਰਹੇ ਸੀ ਤਾਂ ਪਿੰਡ ਨੱਥੋਕੇ ਵੱਲੋਂ ਆ ਰਹੇ ਮੋਟਰਸਾਈਕਲ ਸਵਾਰ ਨੇ ਪੁਲੀਸ ਨੂੰ ਵੇਖ ਪਿੱਛੇ ਭੱਜਣ ਦੀ ਕੋਸ਼ਿਸ਼ ਕੀਤੀ ਪੁਲੀਸ ਮੁਲਾਜ਼ਮਾਂ ਨੇ ਉਸਨੂੰ ਕਾਬੂ ਕਰ ਲਿਆ। ਇਸ ਨੌਜਵਾਨ ਕੋਲੋਂ 118 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਮੁਲਜ਼ਮ ਦੀ ਪਛਾਣ ਸੇਠਾ ਸਿੰਘ ਉਰਫ ਸੇਠੀ ਵਾਸੀ ਨੱਥੋਕੇ ਵਜੋਂ ਹੋਈ ਹੈ। ਪੁਲੀਸ ਨੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।