ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 19 ਜੁਲਾਈ
ਸੜੋਆ ਬਲਾਕ ਦੇ ਪਿੰਡ ਸਾਹਿਬਾ ਵਿੱਚ ਬਿਜਲੀ ਦੀਆਂ ਟੁੱਟੀਆਂ ਤਾਰਾਂ ਦੀ ਲਪੇਟ ਵਿੱਚ ਆ ਕੇ ਮੁਸਲਿਮ ਪਰਿਵਾਰ ਦੇ ਚਰਵਾਹੇ ਦੀਆਂ 4 ਮੱਝਾਂ ਬਿਜਲੀ ਦਾ ਕਰੰਟ ਲੱਗਣ ਕਾਰਨ ਮਰ ਗਈਆਂ। ਚਰਵਾਹੇ ਹੁਸੈਨ ਅਲੀ ਪੁੱਤਰ ਯੂਸਫ ਵਾਸੀ ਪਿੰਡ ਸਾਹਿਬਾ ਨੇ ਦੱਸਿਆ ਕਿ ਉਹ ਪੰਚਾਇਤੀ ਰਕਬੇ ਨੂੰ ਠੇਕੇ ਉੱਪਰ ਲੈ ਕੇ ਪਸ਼ੂਆਂ ਲਈ ਚਾਰੇ ਦੀ ਕਾਸ਼ਤ ਕਰਦਾ ਹੈ। ਉਹ ਆਪਣੀਆਂ ਮੱਝਾਂ ਨੂੰ ਚਰਾ ਰਿਹਾ ਸੀ ਤਾਂ ਉਸ ਦੀਆਂ ਮੱਝਾਂ ਅਚਾਨਕ ਪਿੰਡ ਸਾਹਿਬਾ ਦੇ ਹਸਪਤਾਲ ਦੇ ਖੁੱਲ੍ਹੇ ਗੇਟ ਰਾਹੀਂ ਅੰਦਰ ਦਾਖਲ ਹੋ ਗਈਆਂ, ਜਿੱਥੇ ਬਿਜਲੀ ਦੀਆਂ ਤਾਰਾਂ ਟੁੱਟ ਕੇ ਜ਼ਮੀਨ ’ਤੇ ਡਿਗੀਆਂ ਹੋਈਆਂ ਸਨ, ਜਿਨ੍ਹਾਂ ਦੀ ਲਪੇਟ ਵਿੱਚ ਆਉਣ ਕਾਰਨ ਉਸ ਦੀਆਂ 4 ਮੱਝਾਂ ਦੀ ਮੌਕੇ ’ਤੇ ਹੀ ਤੜਫ-ਤੜਫ ਕੇ ਮੌਤ ਹੋ ਗਈ।