ਸੁਰਜੀਤ ਮਜਾਰੀ
ਬੰਗਾ, 30 ਨਵੰਬਰ
ਕਾਂਗਰਸ ਵੱਲੋਂ ਬੰਗਾ (ਰਾਖਵਾਂ) ਹਲਕੇ ਤੋਂ ਐੱਸਸੀ ਆਗੂ ਨੂੰ ਹਲਕਾ ਇੰਚਾਰਜ ਨਾ ਲਾਉਣ ਕਾਰਨ ਕੋਈ ਚਿਹਰਾ ਵੱਡੇ ਆਗੂ ਵਜੋਂ ਉੱਭਰ ਨਹੀਂ ਸਕਿਆ। ਹੁਣ ਕਿਸੇ ਸਥਾਨਕ ਆਗੂ ਨੂੰ ਟਿਕਟ ਦੀ ਹਾਮੀ ਨਾ ਭਰਨ ਨਾਲ ਖਿੱਚੋਤਾਣ ਵੱਧ ਗਈ ਹੈ। ਇਸ ‘ਉਡੀਕ’ ਨੂੰ ਖ਼ਤਮ ਕਰਨ ਲਈ ਇੱਕ ‘ਆਲ੍ਹਾ ਅਫ਼ਸਰ’ ਨੂੰ ਚੋਣ ਲੜਾਉਣ ਦੇ ਸੰਕੇਤ ਵੀ ਨਿਸ਼ਾਨਾ ਵਿੰਨ੍ਹਦੇ ਨਜ਼ਰ ਨਹੀਂ ਆ ਰਹੇ। ਇਸੇ ਤਰਜ਼ ’ਤੇ ਕੁਝ ਦਿਨ ਪਹਿਲਾਂ ਇੱਥੋਂ ਚੋਣ ਲੜਣ ਲਈ ਕਾਂਗਰਸ ਦੇ ਦੋ ਸੂਬਾਈ ਆਗੂਆਂ ਦਾ ਨਾਂ ਵੀ ਚੱਲਦਾ ਰਿਹਾ। ਸਥਾਨਕ ਆਗੂਆਂ ਵਿੱਚੋਂ ਇੱਥੋਂ ਟਿਕਟ ਚਾਹਵਾਨਾਂ ਦੇ ਪਹਿਲੇ ਪੂਰ ’ਚ ਦੋ-ਦੋ ਵਾਰ ਦੇ ਵਿਧਾਇਕ ਚੌਧਰੀ ਤਰਲੋਚਨ ਸਿੰਘ ਸੂੰਢ, ਚੌਧਰੀ ਮੋਹਣ ਲਾਲ ਬਹਿਰਾਮ, ਬੰਗਾ ਤੋਂ ਵਿਧਾਨ ਸਭਾ ਚੋਣ ਲੜ ਚੁੱਕੇ ਠੇਕੇਦਾਰ ਰਾਜਿੰਦਰ ਸਿੰਘ ਆਦਿ ਸ਼ਾਮਲ ਹਨ। ਇਥੋਂ ਕਾਂਗਰਸ ਪਾਰਟੀ ਦੀ ਟਿਕਟ ਪ੍ਰਾਪਤੀ ਲਈ ਦੂਜਾ ਪੂਰ ਵੀ ਭਰਵਾਂ ਹੈ। ਇਸ ’ਚ ਟਕਸਾਲੀ ਕਾਂਗਰਸ ਆਗੂ ਡਾ. ਬਖਸ਼ੀਸ਼ ਸਿੰਘ ਕਰਨ ਹਸਪਤਾਲ ਬੰਗਾ, ਸਾਬਕਾ ਲੋਕ ਸਭਾ ਮੈਂਬਰ ਸਵ. ਸਤਨਾਮ ਸਿੰਘ ਕੈਂਥ ਦੇ ਪੁੱਤਰ ਡਾ. ਹਰਪ੍ਰੀਤ ਸਿੰਘ ਕੈਂਥ, ਮੋਹਣ ਲਾਲ ਸੂਦ ਚੇਅਰਮੈਨ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਤੇ ਵਿੱਤ ਕਾਰਪੋਰੇਸ਼ਨ, ਕਮਲਜੀਤ ਬੰਗਾ ਮੈਂਬਰ ਜ਼ਿਲ੍ਹਾ ਪਰੀਸ਼ਦ, ਸੋਖੀ ਰਾਮ ਬੱਜੋਂ ਜ਼ਿਲ੍ਹਾ ਪ੍ਰਧਾਨ ਐੱਸਸੀ ਸੈੱਲ, ਸੇਵਾਮੁਕਤ ਪੁਲੀਸ ਅਧਿਕਾਰੀ ਜਸਬੀਰ ਸਿੰਘ ਰਾਏ, ਬਜ਼ੁਰਗ ਕਾਂਗਰਸੀ ਚਰਨਜੀਤ ਕਟਾਰੀਆ ਸ਼ਾਮਲ ਹਨ। ਚੋਣਾਂ ਦੇ ਨੇੜੇ ਆ ਕੇ ਕਾਂਗਰਸ ਵੱਲੋਂ ਨਵੇਂ ਚਿਹਰੇ ਨੂੰ ਅੱਗੇ ਲਿਆਉਣ ਦੀ ਵਿਉਂਤ ਨੂੰ ਜਿੱਤ ’ਚ ਤਬਦੀਲ ਕਰਨਾ ਇਨ੍ਹਾਂ ਦਾਅਵੇਦਾਰਾਂ ’ਤੇ ਵੱਧ ਨਿਰਭਰ ਕਰਦਾ ਹੈ।
ਸੂੰਢ ਤੇ ਬਹਿਰਾਮ ਦੀ ਜੋੜੀ ਚਰਚਾ ਵਿੱਚ
ਬੰਗਾ ਹਲਕੇ ਅੰਦਰ ਹੁਣ ਤੱਕ ਚੌਧਰੀ ਤਰਲੋਚਨ ਸਿੰਘ ਸੂੰਢ ਅਤੇ ਚੌਧਰੀ ਮੋਹਣ ਲਾਲ ਬਹਿਰਾਮ ਦਾ ਹੀ ਜ਼ਿਆਦਾ ਬੋਲਬਾਲਾ ਰਿਹਾ ਹੈ। ਦੋਵੇਂ ਜਣੇ ਇੱਕ ਦੂਜੇ ਨੂੰ ਦੋ ਦੋ ਵਾਰ ਹਰਾ ਚੁੱਕੇ ਹਨ। ਹੁਣ ਦੋਵਾਂ ਦੇ ਕਾਂਗਰਸ ਪਾਰਟੀ ’ਚ ਹੁੰਦਿਆਂ ਵੀ ਇਤਫ਼ਾਕ ਨਾ ਬਣਨਾ ਸਾਰਿਆਂ ਨੂੰ ਹੈਰਾਨ ਕਰ ਰਿਹਾ ਹੈ। ਉਂਜ ਚੌਧਰੀ ਤਰਲੋਚਨ ਸਿੰਘ ਸੂੰਢ ਖੁਦ ਵੀ ਕਾਂਗਰਸ ਤੋਂ ਦੋ ਵਾਰ ਬਾਗੀ ਹੋ ਕੇ ਚੋਣ ਲੜ ਚੁੱਕੇ ਹਨ ਅਤੇ ਚੌਧਰੀ ਮੋਹਣ ਲਾਲ ਬਹਿਰਾਮ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁਕਾਬਲਾ ਕਰਦੇ ਸਨ। ਉਂਜ ਵੀ ਕਾਂਗਰਸ ਦੇ ਸਮਾਗਮਾਂ ’ਚ ਵਰਕਰਾਂ ਦਾ ਬਾਹਰੋ ਪੁੱਜੇ ਆਗੂਆਂ ਵੱਲ ਧਿਆਨ ਘੱੱਟ ਅਤੇ ਇਨ੍ਹਾਂ ਦੋਵਾਂ ਆਗੂਆਂ ਦੇ ਆਪਸ ’ਚ ਝਗੜਣ ਦੀ ਚਿੰਤਾ ਜ਼ਿਆਦਾ ਹੁੰਦੀ ਹੈ।